ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਬਰਨਾਲਾ ਪੁਲਿਸ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ 20 ਦੇ ਕਰੀਬ ਸੀਨੀਅਰ ਆਗੂਆਂ ਅਤੇ ਵਰਕਰਾਂ 'ਤੇ ਦਰਜ ਕੀਤੀ ਐਫ.ਆਈ.ਆਰ. ਦਾ ਮਾਮਲਾ ਐੱਸ.ਸੀ. ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜ ਗਿਆ ਹੈ | ਬਰਨਾਲਾ ਤੋਂ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਸ ਮਾਮਲੇ ਸਬੰਧੀ ਇਕ ਪੱਤਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਲਿਖਿਆ ਹੈ | ਪੱਤਰ ਵਿਚ ਵਿਧਾਇਕ ਢਿੱਲੋਂ ਨੇ ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ ਸੱਤਾਧਾਰੀ ਧਿਰ ਦੇ ਦਬਾਅ ਹੇਠ ਐੱਸ.ਸੀ. ਸ਼੍ਰੇਣੀ ਦੇ ਪੰਚਾਂ-ਸਰਪੰਚਾਂ ਅਤੇ ਹੋਰ ਆਗੂਆਂ ਖ਼ਿਲਾਫ਼ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਜਾ ਰਹੀ ਪੱਖਪਾਤੀ ਕਾਰਵਾਈ ਦਾ ਮੁੱਦਾ ਵਿਸ਼ੇਸ਼ ਤੌਰ 'ਤੇ ਚੁੱਕਿਆ ਹੈ | ਵਿਧਾਇਕ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ 14 ਮਾਰਚ ਨੂੰ ਦਿੱਤੇ ਧਰਨੇ ਸਬੰਧੀ ਬਰਨਾਲਾ ਪੁਲਿਸ ਵਲੋਂ ਦਰਜ ਕੀਤੀ ਐਫ.ਆਈ.ਆਰ. 'ਚ 5 ਐੱਸ.ਸੀ. ਸ਼੍ਰੇਣੀ ਦੀਆਂ ਮਹਿਲਾ ਕਾਂਗਰਸ ਵਰਕਰਾਂ ਨੂੰ ਨਾਮਜ਼ਦ ਕਰਨ 'ਤੇ ਉਨ੍ਹਾਂ ਵਲੋਂ ਸਖ਼ਤ ਇਤਰਾਜ਼ ਕਰਦੇ ਹੋਏ ਚੇਅਰਮੈਨ ਐੱਸ.ਸੀ. ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਉਚੇਚੇ ਤੌਰ 'ਤੇ ਨੋਟਿਸ ਲੈ ਕੇ ਐੱਸ.ਸੀ. ਸ਼੍ਰੇਣੀ ਦੀਆਂ ਮਹਿਲਾ ਵਰਕਰਾਂ 'ਤੇ ਝੂਠੀ ਐਫ.ਆਈ.ਆਰ. ਦਰਜ ਕਰਨ ਤੇ ਕਰਵਾਉਣ ਵਾਲੇ ਪੁਲਿਸ ਅਫ਼ਸਰਾਂ ਅਤੇ ਆਗੂਆਂ 'ਤੇ ਕਾਰਵਾਈ ਕੀਤੀ ਜਾਵੇ | ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪੁਲਿਸ ਵਲੋਂ ਬੀ.ਐਨ.ਐੱਸ. ਦੀਆਂ ਧਾਰਾਵਾਂ 132, 221 ਅਤੇ 285 ਤਹਿਤ ਦਰਜ ਐਫ.ਆਈ.ਆਰ. 'ਚ ਜਿੱਥੇ ਐੱਸ.ਸੀ. ਸ਼੍ਰੇਣੀ ਦੀਆਂ ਮਹਿਲਾ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਉੱਥੇ ਐੱਸ.ਸੀ. ਸ਼ੇ੍ਰਣੀ ਦੇ ਪੁਰਸ਼ਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਦਕਿ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪੂਰੀ ਤਰ੍ਹਾਂ ਸ਼ਾਂਤਮਈ ਧਰਨਾ ਦਿੱਤਾ ਗਿਆ ਸੀ ਅਤੇ ਉੱਥੇ ਉਕਤ ਧਾਰਾਵਾਂ ਤਹਿਤ ਕੋਈ ਵੀ ਘਟਨਾ ਨਹੀਂ ਵਾਪਰੀ | ਇਸ ਲਈ ਧਰਨੇ ਦੌਰਾਨ ਪੁਲਿਸ ਵਲੋਂ ਕੀਤੀ ਗਈ ਵੀਡੀਓਗ੍ਰਾਫੀ, ਮੌਕੇ 'ਤੇ ਲੱਗੇ ਪ੍ਰਾਈਵੇਟ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਵੀ ਐੱਸ.ਸੀ. ਕਮਿਸ਼ਨ ਨੂੰ ਸਬੂਤਾਂ 'ਤੇ ਤੌਰ 'ਤੇ ਮੰਗਵਾ ਕੇ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਵਰਕਰਾਂ ਨੂੰ ਇਨਸਾਫ਼ ਦਿੱਤਾ ਜਾਵੇ | ਵਿਧਾਇਕ ਢਿੱਲੋਂ ਨੇ ਪੱਤਰ ਵਿਚ ਬਰਨਾਲਾ ਜ਼ਿਲ੍ਹੇ 'ਚ ਪਿਛਲੇ ਕੁੱਝ ਸਮੇਂ ਤੋਂ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜ਼ਿਕਰ ਕਰਦੇ ਹੋਏ ਪਿੰਡ ਖੁੱਡੀ ਕਲਾਂ, ਪਿੰਡ ਫਰਵਾਹੀ, ਪਿੰਡ ਠੁੱਲੇਵਾਲ ਅਤੇ ਪਿੰਡ ਭੱਦਲਵਢ ਵਿਖੇ ਐੱਸ.ਸੀ. ਸ਼ੇ੍ਰਣੀ ਦੇ ਸਰਪੰਚਾਂ ਨਾਲ ਪੱਖਪਾਤ ਤਹਿਤ ਕੀਤੀਆਂ ਕਾਰਵਾਈਆਂ ਦਾ ਵੀ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਹੈ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਐੱਸ.ਸੀ. ਕਮਿਸ਼ਨ ਪੰਜਾਬ ਤੋਂ ਇਲਾਵਾ ਇੱਕ ਪੱਤਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਵੀ ਲਿਖਿਆ ਗਿਆ ਹੈ |