ਤਪਾ ਮੰਡੀ, 22 ਅਪ੍ਰੈਲ (ਪ੍ਰਵੀਨ ਗਰਗ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਿਰ ਤਪਾ ਵਿਖੇ ਸਕੂਲੀ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਥਾਣਾ ਤਪਾ ਦੀ ਮੁਖੀ ਇੰਸਪੈਕਟਰ ਮੈਡਮ ਨਵਦੀਪ ਕੌਰ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸੈਮੀਨਾਰ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਬੱਸ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ, ਵਾਤਾਵਰਨ ਦੀ ਸੁਰੱਖਿਅਤ ਬਾਰੇ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਸਕੂਲ ਦੇ ਅੰਡਰ ਏਜ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਸਬੰਧੀ ਹਦਾਇਤ ਕੀਤੀ ਤੇ 18 ਸਾਲ ਤੱਕ ਦੇ ਬੱਚਿਆਂ ਲਈ ਬਿਨਾਂ ਲਾਇਸੈਂਸ ਕੋਈ ਵੀ ਵਾਹਨ ਨਾ ਚਲਾਉਣ ਲਈ ਕਿਹਾ ਅਤੇ ਨਾਲ ਹੀ ਸਾਈਬਰ ਕ੍ਰਾਈਮ ਸਬੰਧੀ ਵੀ ਜਾਣਕਾਰੀ ਦਿੱਤੀ | ਇਸ ਦੇ ਨਾਲ ਦੋ ਪਹੀਆ ਵਾਹਨ 'ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ 'ਤੇ ਖੜ੍ਹਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਬਾਰਸ਼ ਦੇ ਦਿਨਾਂ 'ਚ ਇਕ ਵਹੀਕਲ ਤੋਂ ਦੂਜੇ ਵਹੀਕਲ ਦਰਮਿਆਨ ਦੂਰੀ ਬਣਾ ਕੇ ਚੱਲਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਈਕਲ 'ਤੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ | ਰਾਤ ਸਮੇਂ ਹਾਈਬੀਮ ਦੀ ਵਰਤੋਂ ਨਾ ਕਰਨ ਬਾਰੇ ਸਾਰੇ ਟਰੈਫ਼ਿਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਬਾਰੇ ਤੋਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਲਗਾਤਾਰ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਅੰਤ ਵਿਚ ਸਕੂਲ ਪਿ੍ੰਸੀਪਲ ਮੈਡਮ ਅਨੁਪਮਾ ਸ਼ਰਮਾ ਨੇ ਥਾਣਾ ਮੁਖੀ ਮੈਡਮ ਨਵਦੀਪ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ, ਜ਼ਖਮੀ ਦੀ ਸਹਾਇਤਾ ਕਰਨ ਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਹਾਇਕ ਥਾਣੇਦਾਰ ਹਰਵਿੰਦਰਪਾਲ ਸਿੰਘ, ਸਹਾਇਕ ਥਾਣੇਦਾਰ ਗੁਰਪਿਆਰ ਸਿੰਘ, ਮੁੱਖ ਮੁਨਸ਼ੀ ਮੈਡਮ ਜਸਬੀਰ ਕੌਰ ਤੋਂ ਇਲਾਵਾ ਸਕੂਲ ਦੇ ਸੱਤਪਾਲ ਗੋਇਲ (ਕੇ.ਕੇ ਲੈਬ), ਡਾ: ਅਮਿਤ ਕੁਮਾਰ, ਰਿੰਕੂ ਸਿੰਗਲਾ ਆਦਿ ਮੌਜੂਦ ਸਨ |