ਤਪਾ ਮੰਡੀ, 23 ਅਪ੍ਰੈਲ (ਪ੍ਰਵੀਨ ਗਰਗ)-ਉਪ ਮੰਡਲ ਮੈਜਿਸਟ੍ਰੇਟ ਤਪਾ ਆਯੂਸ਼ ਗੋਇਲ ਨੇ ਤਪਾ ਦੀ ਬਾਹਰਲੀ ਅਨਾਜ ਮੰਡੀ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਖ਼ਰੀਦ ਏਜੰਸੀਆਂ ਨੂੰ ਮੰਡੀਆਂ 'ਚ ਆਈ ਕਣਕ ਦੀ ਨਾਲੋਂ ਨਾਲ ਖ਼ਰੀਦ ਕਰਨੀ ਯਕੀਨੀ ਬਣਾਉਣ ਅਤੇ ਮੰਡੀਆਂ 'ਚੋਂ ਚੁਕਾਈ ਵਿਚ ਵੀ ਤੇਜ਼ੀ ਲਿਆਉਣ ਲਈ ਕਿਹਾ | ਇਸ ਮੌਕੇ ਐਸ.ਡੀ.ਐਮ. ਵਲੋਂ ਬਾਰਦਾਨੇ ਦਾ ਤੋਲ ਕਰਵਾ ਕੇ ਚੈਕਿੰਗ ਵੀ ਕੀਤੀ ਗਈ | ਐਸ.ਡੀ.ਐਮ ਗੋਇਲ ਨੇ ਜਿੱਥੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਆੜ੍ਹਤੀਆਂ, ਮਜ਼ਦੂਰਾਂ ਤੋਂ ਇਲਾਵਾ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ 'ਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ 'ਚ ਜ਼ਿਆਦਾ ਸਮਾਂ ਨਾ ਬੈਠਣਾ ਪਵੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਚੁਸਤ-ਦਰੁਸਤ ਹੈ ਤੇ ਮੰਡੀਆਂ 'ਚ ਆਪਣੀ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਮਾਰਕੀਟ ਕਮੇਟੀ ਸੈਕਟਰੀ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੁੱਧਵਾਰ ਤੱਕ 11,96,000 ਗੱਟਿਆਂ ਦੀ ਕੁੱਲ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 10 ਲੱਖ 99 ਹਜ਼ਾਰ 600 ਗੱਟਿਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 3 ਲੱਖ 97 ਹਜ਼ਾਰ 500 ਗੱਟਿਆਂ ਦੀ ਲਿਫ਼ਟਿੰਗ ਕਰਵਾ ਦਿੱਤੀ ਗਈ ਹੈ | ਇਸ ਮੌਕੇ ਵਿਕਰਮ ਲੋਟਾ, ਸੋਨੂੰ ਮਾਂਗਟ, ਭਗਵਾਨ ਸਿੰਘ ਅਤੇ ਹਰਜਿੰਦਰ ਸਿੰਘ ਹੈਰੀ ਰੀਡਰ ਟੂ ਐਸ.ਡੀ.ਐਮ. ਤਪਾ, ਆੜ੍ਹਤੀਆ ਮਦਨ ਘੜੈਲਾ ਆਦਿ ਮੌਜੂਦ ਸਨ |