ਬਰਨਾਲਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਕੀਤੇ ਜਾਣ ਕਰ ਕੇ ਆਲ ਇੰਡੀਆ ਐਗਰੋ ਇਨਪੁਟ ਡੀਲਰਜ਼ ਐੱਸੋਸੀਏਸ਼ਨ ਵਲੋਂ ਮਿਤੀ 27 ਅਪ੍ਰੈਲ ਨੂੰ ਪੂਰੇ ਭਾਰਤ ਅੰਦਰ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਤੱਕ ਆਵਾਜ਼ ਪਹੰੁਚਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਐੱਸੋਸੀਏਸ਼ਨ ਦੇ ਜਨਰਲ ਸਕੱਤਰ ਗੋਕਲ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਡੀਲਰਾਂ ਦੀਆਂ ਮੰਗਾਂ ਜਿਵੇਂਕਿ ਖਾਦ ਦੇ ਨਾਲ ਹੋਰ ਬੇਲੋੜੀ ਸਮੱਗਰੀ ਬੰਦ ਕਰਨਾ, ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ, ਪ੍ਰਚੂਨ ਦੁਕਾਨਦਾਰਾਂ ਤੱਕ ਪਹੁੰਚ ਕਰ ਕੇ ਦੇਣਾ, ਡੀਲਰ ਲਈ ਖਾਦ ਦੇ ਮਾਰਜਿਨ ਵਿਚ ਵਾਧਾ ਕਰਨਾ, ਖਾਦ ਦੀ ਵਿਕਰੀ ਲਈ ਲਿਆਂਦੀ ਜਾ ਰਹੀ ਈ-ਟੋਕਨ ਪ੍ਰਨਾਲੀ ਬੰਦ ਕਰਨਾ ਸ਼ਾਮਲ ਹਨ | ਇਸ ਤੋਂ ਇਲਾਵਾ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ-ਮਿਆਰੀ ਆਉਣ 'ਤੇ ਸਿਰਫ਼ ਉਤਪਾਦ ਬਣਾਉਣ ਵਾਲੀ ਕੰਪਨੀ ਉੱਪਰ ਹੀ ਕਾਨੂੰਨੀ ਕਾਰਵਾਈ ਕਰਨਾ ਅਤੇ ਡੀਲਰ ਨੂੰ ਸਿਰਫ਼ ਗਵਾਹ ਦੇ ਤੌਰ 'ਤੇ ਰੱਖਣਾ ਆਦਿ ਮੰਗਾਂ ਹਨ ਜੋ ਕਿ ਕਾਨੂੰਨੀ ਤੌਰ 'ਤੇ ਵੀ ਜਾਇਜ਼ ਹਨ | ਸ੍ਰੀ ਗੁਪਤਾ ਨੇ ਦੱਸਿਆ ਕਿ ਸਰਕਾਰ ਪਾਸੋਂ ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਬੰਦ ਦੀ ਕਾਲ ਦਿੱਤੀ ਗਈ ਹੈ | ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਨਾਲ ਸਮੂਹ ਪੰਜਾਬ ਵਿਚੋਂ ਬਹੁਤ ਹੀ ਉਤਸ਼ਾਹ ਮਿਲ ਰਿਹਾ ਹੈ | ਉਨ੍ਹਾਂ ਪੰਜਾਬ ਦੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਬੰਦ ਨੂੰ ਮੁਕੰਮਲ ਤੌਰ 'ਤੇ ਕਾਮਯਾਬ ਕੀਤਾ ਜਾਵੇ |