ਬਰਨਾਲਾ, 23 ਅਪ੍ਰੈਲ (ਨਰਿੰਦਰ ਅਰੋੜਾ)-ਸ੍ਰੀ ਅਮਰਨਾਥ ਯਾਤਰਾ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਯਾਤਰਾ 'ਤੇ ਜਾਣ ਵਾਲੇ ਹਰੇਕ ਸ਼ਰਧਾਲੂ ਲਈ ਮੈਡੀਕਲ ਫਿਟਨੈਸ ਸਰਟੀਫਿਕੇਟ ਜਮ੍ਹਾ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ | ਸਿਹਤ ਵਿਭਾਗ ਵਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਅਧਿਕਾਰਤ ਪੈਨਲ ਲਿਸਟ ਅਨੁਸਾਰ ਬਰਨਾਲਾ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਨੂੰ ਮੈਡੀਕਲ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ | ਇਨ੍ਹਾਂ ਵਿਚ ਡਾ: ਦੀਪ ਲੇਖ ਬਾਜਵਾ, ਡਾ: ਕਰਨਦੀਪ ਅਤੇ ਡਾ: ਰਿਸ਼ੂ ਗਰਗ ਸ਼ਾਮਿਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਮੈਡੀਕਲ ਅਫ਼ਸਰ ਡਾ: ਦੀਪ ਲੇਖ ਬਾਜਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਕਮਰਾ ਨੰਬਰ 15-ਏ, 16 ਅਤੇ 19 ਵਿਚ ਮੈਡੀਕਲ ਫਿਟਨੈਸ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ | ਡਾ: ਬਾਜਵਾ ਨੇ ਸਪੱਸ਼ਟ ਕੀਤਾ ਕਿ ਮੈਡੀਕਲ ਜਾਂਚ ਲਈ ਆਉਣ ਵਾਲੇ ਸ਼ਰਧਾਲੂਆਂ ਕੋਲ ਸਰਕਾਰੀ ਓ.ਪੀ.ਡੀ. ਸਲਿੱਪ (ਸਿਵਲ ਹਸਪਤਾਲ ਦੀ ਪਰਚੀ), ਖ਼ੂਨ ਦੀ ਜਾਂਚ ਹੀਮੋਗਲੋਬਿਨ (ਐਚ.ਬੀ.) ਅਤੇ ਰੈਂਡਮ ਬਲੱਡ ਸ਼ੂਗਰ (ਆਰ.ਬੀ.ਐਸ), ਬਲੱਡ ਪ੍ਰੈਸ਼ਰ (ਬੀ.ਪੀ) ਦੀ ਜਾਂਚ, ਈ.ਸੀ.ਜੀ. (ਈ.ਸੀ.ਜੀ) ਰਿਪੋਰਟ ਦਸਤਾਵੇਜ਼ ਅਤੇ ਟੈਸਟ ਰਿਪੋਰਟਾਂ ਹੋਣੀਆਂ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਉਕਤ ਟੈਸਟਾਂ ਅਤੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਸ਼ਰਧਾਲੂ ਦਾ ਮੈਡੀਕਲ ਫਿਟਨੈਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ | ਇਸ ਲਈ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਸਾਰੇ ਟੈਸਟ ਕਰਵਾ ਕੇ ਅਤੇ ਓ.ਪੀ.ਡੀ. ਸਲਿੱਪ ਬਣਵਾ ਕੇ ਹੀ ਨਿਰਧਾਰਤ ਕਮਰਿਆਂ ਵਿਚ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |