ਭਦੌੜ, 23 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਸਫ਼ਾਈ ਸੇਵਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਰ ਕੇ ਪਿਛਲੇ 7 ਦਿਨਾਂ ਤੋਂ ਹੜਤਾਲ ਉਪਰ ਚੱਲ ਰਹੇ ਸਮੂਹ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਉੱਥੇ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਉਪ ਮੰਡਲ ਅਫ਼ਸਰ ਵਲੋਂ ਕੀਤੇ ਯਤਨਾਂ ਨੂੰ ਵੀ ਬੂਰ ਨਹੀਂ ਪਿਆ | ਅੱਜ ਨਗਰ ਕੌਂਸਲ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਅਕਾਊਾਟੈਂਟ ਰਾਹੁਲ ਕੁਮਾਰ ਨੇ ਸਫ਼ਾਈ ਸੇਵਕਾਂ ਨਾਲ ਮੀਟਿੰਗ ਕਰ ਕੇ ਹੜਤਾਲ ਖ਼ਤਮ ਕਰਨ ਲਈ ਕਿਹਾ ਪਰ ਸਫ਼ਾਈ ਸੇਵਕਾਂ ਨੇ ਕੌਂਸਲ ਅਧਿਕਾਰੀਆਂ ਨੂੰ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ | ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੂ, ਮੋਹਨ ਲਾਲ ਅਤੇ ਰਾਮੇਸ਼ ਕੁਮਾਰ ਨੇ ਦੱਸਿਆ ਕਿ ਪੱਕੇ ਸਫ਼ਾਈ ਸੇਵਕਾਂ ਦੀ 3 ਮਹੀਨੇ, ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮਾਂ ਦੀ 2-2 ਮਹੀਨੇ ਦੀਆਂ ਤਨਖ਼ਾਹਾਂ ਬਾਕੀ ਹੋਣ ਕਾਰਨ ਸਾਡਾ ਜਿਊਣਾ ਦੁੱਭਰ ਹੋਇਆ ਪਿਆ ਹੈ | ਸਾਨੂੰ ਘਰ ਚਲਾਉਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾਤਰ ਸਾਨੂੰ ਆਪਣੀਆਂ ਤਨਖ਼ਾਹਾਂ ਲੈਣ ਕਾਰਨ ਹਮੇਸ਼ਾ ਹੜਤਾਲ ਦੀ ਸਹਾਰਾ ਲੈਣਾ ਪੈਂਦਾ ਹੈ ਤਾਂ ਹੀ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਦੀ ਨੀਂਦ ਖੁੱਲ੍ਹਦੀ ਹੈ |