ਮਹਿਲ ਕਲਾਂ, 23 ਅਪ੍ਰੈਲ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਦੇ ਆਗੂਆਂ, ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀਬੀ ਕਾਂਤਾ ਕੁਠਾਲਾ ਨੇ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਸਮਾਗਮਾਂ 'ਚ ਸ਼ਮੂਲੀਅਤ ਕਰਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਹਰ ਰੋਜ਼ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਨਾਲ ਪਾਰਟੀ ਦੇ ਹੱਕ 'ਚ ਬਣ ਰਹੀ ਭਾਰੀ ਲਹਿਰ ਤੋਂ ਬੌਖਲਾਹਟ 'ਚ ਆ ਕੇ ਸੱਤਾਧਾਰੀ ਧਿਰ ਵਲੋਂ ਕਾਂਗਰਸ ਪਾਰਟੀ ਦੇ ਆਗੂਆਂ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ | ਇਸ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਆਗੂਆਂ, ਅÏਰਤਾਂ ਉਪਰ ਦਰਜ ਕੀਤੇ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ | ਉਨ੍ਹਾਂ ਕਿਹਾ ਕਿ ਵੱਡੇ- ਵੱਡੇ ਵਾਅਦਿਆਂ, ਗਰੰਟੀਆਂ ਨਾਲ ਲੋਕਾਂ ਨੂੰ ਭਰਮਾਉਣ ਉਪਰੰਤ ਰਾਜਭਾਗ ਉਪਰ ਕਾਬਜ਼ ਹੋਏ ਆਪ ਸਰਕਾਰ ਦੇ ਆਗੂਆਂ ਵਲੋਂ ਮੁੜ ਕਿਸੇ ਦੀ ਬਾਤ ਨਹੀਂ ਪੱੁਛੀ | ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਖ਼ਾਤਰ ਸੜਕਾਂ ਉੱਪਰ ਆਉਣਾ ਪੈ ਰਿਹਾ ਹੈ | ਪਰ ਸਮੇਂ ਦੇ ਹਾਕਮ ਹੁਣ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਥਾਂ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਨੀਤੀ 'ਤੇ ਚੱਲ ਰਹੇ ਹਨ | ਬੀਬੀ ਕਾਂਤਾ ਕੁਠਾਲਾ ਨੇ ਕਾਂਗਰਸ ਪਾਰਟੀ ਆਗੂਆਂ ਉਪਰ ਸਿਆਸੀ ਰੰਜਸ਼ ਤਹਿਤ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਕੋਈ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਵਲੋਂ ਸੰਘਰਸ਼ ਨੂੰ ਹਰ ਤੇਜ਼ ਕੀਤਾ ਜਾਵੇਗਾ |