ਟੱਲੇਵਾਲ, 23 ਅਪੈ੍ਰਲ (ਸੋਨੀ ਚੀਮਾ)-ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਉਸਾਰੂ ਪੜਾਅ ਹੁੰਦਾ ਹੈ, ਜਿਸ ਵਿਚ ਭਵਿੱਖ ਦੀ ਨੀਂਹ ਰੱਖੀ ਜਾਂਦੀ ਹੈ | ਇਹ ਸ਼ਬਦ ਸਰਬਜੀਤ ਸਿੰਘ ਰੰਗੀਆ ਥਾਣਾ ਮੁਖੀ ਟੱਲੇਵਾਲ ਨੇ ਇਤਿਹਾਸਕ ਪਿੰਡ ਗਹਿਲ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕਤਾ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਇਸ ਸਮੇਂ ਵਿਦਿਆਰਥੀ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੇ ਦੌਰ ਵਿਚੋਂ ਗੁਜ਼ਰਦੇ ਹਨ | ਪਰ ਅੱਜ ਦੇ ਦੌਰ ਵਿਚ ਨਸ਼ਾਖੋਰੀ ਅਤੇ ਹੋਰ ਸਮਾਜਿਕ ਅਲਾਮਤਾਂ ਵਿਦਿਆਰਥੀ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ | ਜਿਸ ਲਈ ਸਾਨੂੰ ਵਿਦਿਆਰਥੀ ਜੀਵਨ ਤੋਂ ਟਰੈਫ਼ਿਕ ਨਿਯਮਾਂ, ਨਸ਼ੇ ਦੇ ਮਾੜੇ ਪ੍ਰਭਾਵ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਹੋ ਕੇ ਇਨ੍ਹਾਂ ਤੋਂ ਪਾਸਾ ਵੱਟਣਾ ਅਤੇ ਚੰਗੇ ਸਮਾਜ ਸਿਰਜਕ ਬਣਨਾ ਚਾਹੀਦਾ ਹੈ, ਤਾਂ ਜੋ ਤੁਹਾਡੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਸਕੇ | ਇਸ ਮੌਕੇ ਸਕੂਲ ਹੈੱਡ ਟੀਚਰ ਮੈਡਮ ਦਲਜੀਤ ਕੌਰ ਅਤੇ ਸਟਾਫ਼ ਵਲੋਂ ਸਮਾਗਮ ਉਪਰੰਤ ਥਾਣਾ ਮੁਖੀ ਸਰਬਜੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕਰਮਜੀਤ ਸਿੰਘ ਸਿੱਧੂ ਪੰਚ, ਸੁਰਜੀਤ ਸਿੰਘ ਚੇਅਰਮੈਨ, ਸ੍ਰੀਮਤੀ ਨਵਦੀਪ ਕੌਰ, ਪਿ੍ਆ ਬਾਂਸਲ ਤੋਂ ਇਲਾਵਾ ਹੋਰ ਵੀ ਸਟਾਫ਼ ਦੇ ਆਗੂ ਹਾਜ਼ਰ ਸਨ |