ਬਰਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾਈ ਸਾਲਾਨਾ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ | ਜਿਸ ਵਿਚ ਸੂਬਾ ਕਮੇਟੀ ਮੁਖੀਆਂ ਅਤੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਅਤੇ ਇਕਾਈਆਂ ਦੇ 120 ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪੰਜਾਬ ਵਿਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਪਾਸ ਕਰਵਾਉਣ ਲਈ ਜਨਤਕ ਮੁਹਿੰਮ ਚਲਾਉਣ, ਤਰਕਸ਼ੀਲ ਲਹਿਰ ਨੂੰ ਜਥੇਬੰਦਕ ਪੱਧਰ ਤੇ ਹੋਰ ਮਜ਼ਬੂਤ ਕਰਨ ਅਤੇ ਤਰਕਸ਼ੀਲ ਸਾਹਿਤ ਨੂੰ ਵੱਡੇ ਪੱਧਰ ਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਸਬੰਧੀ ਫ਼ੈਸਲੇ ਕੀਤੇ ਗਏ | ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਮਰਦਮਸ਼ੁਮਾਰੀ ਦੇ ਫਾਰਮ ਵਿਚ ਗ਼ੈਰ ਧਾਰਮਿਕ ਲੋਕਾਂ ਲਈ ' ਕੋਈ ਧਰਮ ਨਹੀਂ' ਕਾਲਮ ਸ਼ਾਮਿਲ ਕਰਨਾ ਯਕੀਨੀ ਬਣਾਇਆ ਜਾਵੇ | ਇਕੱਤਰਤਾ ਦੇ ਪਹਿਲੇ ਸੈਸ਼ਨ ਵਿਚ ਸੁਸਾਇਟੀ ਦੇ ਵੱਖ-ਵੱਖ ਵਿਭਾਗਾਂ ਦੇ ਸੂਬਾਈ ਮੁਖੀਆਂ ਵਲੋਂ ਪਿਛਲੇ ਇੱਕ ਸਾਲ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਉੱਤੇ ਬਹਿਸ ਕਰਦੇ ਹੋਏ ਤਰਕਸ਼ੀਲ ਆਗੂਆਂ ਨੇ ਜਥੇਬੰਦਕ ਮਜ਼ਬੂਤੀ ਲਈ ਜਿੱਥੇ ਜ਼ੋਨ ਅਤੇ ਇਕਾਈਆਂ ਦੀਆਂ ਨਿਯਮਤ ਮੀਟਿੰਗਾਂ ਤੇ ਸਿਖਲਾਈ ਵਰਕਸ਼ਾਪਾਂ ਕਰਨ ਅਤੇ ਸੂਬਾਈ ਕਾਰਜ ਵਿਉਂਤਬੰਦੀ ਨੂੰ ਸਮੇਂ ਸਿਰ ਲਾਗੂ ਕਰਨ ਉੱਤੇ ਜ਼ੋਰ ਦਿੱਤਾ ਉੱਥੇ ਹੀ ਨੌਜਵਾਨਾਂ, ਵਿਦਿਆਰਥੀਆਂ, ਅÏਰਤਾਂ ਅਤੇ ਅਧਿਆਪਕਾਂ ਨੂੰ ਤਰਕਸ਼ੀਲ ਸੁਸਾਇਟੀ ਨਾਲ ਜੋੜਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਕਾਰਜ ਵੀ ਉਲੀਕਿਆ ਗਿਆ | ਇਸ ਤੋਂ ਪਹਿਲਾਂ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਹਾਜ਼ਰ ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ | ਦੂਜੇ ਸੈਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਲੋਕਾਂ ਵਿਚ ਤਰਕਸ਼ੀਲ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਤਰਕਸ਼ੀਲ ਸਾਹਿਤ ਵੈਨ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲਿਜਾਣ ਦੇ ਇਲਾਵਾ ਪੰਜਾਬ ਵਿਚ ਲਗਦੇ ਪੁਸਤਕ ਮੇਲਿਆਂ ਵਿਚ ਸ਼ਮੂਲੀਅਤ ਕਰਨ ਦੀ ਵੀ ਵੱਡੀ ਲੋੜ ਹੈ | ਇਸ ਮੌਕੇ ਵਿਚਾਰ ਚਰਚਾ ਵਿਚ ਤਰਕਸ਼ੀਲ ਆਗੂਆਂ ਮਾਸਟਰ ਪਰਮਵੇਦ ਸੰਗਰੂਰ, ਸੁਰਜੀਤ ਟਿੱਬਾ, ਅਜੀਤ ਪ੍ਰਦੇਸੀ, ਜਸਵਿੰਦਰ ਫਗਵਾੜਾ, ਹੇਮ ਰਾਜ ਸਟੈਨੋਂ, ਸੁਖਦੇਵ ਫਗਵਾੜਾ, ਜਸਵੰਤ ਜੀਰਖ, ਸੁਖਵਿੰਦਰ ਬਾਗਪੁਰ, ਰਾਜਪਾਲ ਬਠਿੰਡਾ, ਜਸਵੰਤ ਮੋਹਾਲੀ, ਰਾਜੇਸ਼ ਅਕਲੀਆ,ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮਿ੍ਤਸਰ, ਜਗਦੀਸ਼ ਰਾਏਪੁਰ ਡੱਬਾ, ਜੋਗਿੰਦਰ ਕੁੱਲੇਵਾਲ, ਬਲਰਾਜ ਮੌੜ, ਗੁਰਪ੍ਰੀਤ ਸ਼ਹਿਣਾ, ਜੂਝਾਰ ਲੌਂਗੋਵਾਲ, ਕੁਲਜੀਤ ਫ਼ਾਜ਼ਿਲਕਾ, ਪਰਵੀਨ ਜੰਡਵਾਲਾ, ਕੁਲਵੰਤ ਕੌਰ, ਅੰਮਿ੍ਤ ਰਿਸ਼ੀ ਅਤੇ ਪਿ੍ੰ. ਮੇਲਾ ਰਾਮ ਆਦਿ ਨੇ ਹਿੱਸਾ ਲਿਆ |