ਪਰਛਾਵਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ। ਜਿਵੇਂ ਹੀ ਰੌਸ਼ਨੀ ਕਿਸੇ ਵਸਤੂ 'ਤੇ ਪੈਂਦੀ ਹੈ, ਉਸ ਦਾ ਪਰਛਾਵਾਂ ਜਨਮ ਲੈ ਲੈਂਦਾ ਹੈ। ਇਹ ਸਿਰਫ਼ ਭੌਤਿਕ ਵਿਗਿਆਨ ਦਾ ਨਤੀਜਾ ਨਹੀਂ, ਸਗੋਂ ਦਰਸ਼ਨ, ਕਲਾ ਤੇ ਜੀਵਨ ਦੇ ਅਰਥਾਂ ਨਾਲ ਵੀ ਗਹਿਰਾਈ ਨਾਲ ਜੁੜਿਆ ਹੋਇਆ ਹੈ। ਪਰਛਾਵਾਂ ਰੌਸ਼ਨੀ ਤੇ ਅੰਧਕਾਰ ਦੇ ਸੰਤੁਲਨ ਦਾ ਪ੍ਰਤੀਕ ਹੈ। ਜਿੱਥੇ ਰੌਸ਼ਨੀ ਹੈ, ਉੱਥੇ ਪਰਛਾਵਾਂ ਵੀ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਚਮਕ ਦੇ ਨਾਲ ਇਕ ਅੰਧਕਾਰ ਵੀ ਹੁੰਦਾ ਹੈ। ਚਿੱਤਰਕਲਾ, ਫੋਟੋਗ੍ਰਾਫੀ ਤੇ ਰੰਗਮੰਚ ਵਿਚ ਪਰਛਾਵਾਂ ਗਹਿਰਾਈ, ਰੂਪ ਤੇ ਭਾਵਨਾ ਨੂੰ ਉੱਭਰਦਾ ਹੈ। ਇਕ ਚਿੱਤਰ ਵਿਚ ਪਰਛਾਵਾਂ ਰੰਗਾਂ ਨੂੰ ਜੀਵੰਤ ਬਣਾਉਂਦਾ ਹੈ, ਜਦਕਿ ਰੰਗਮੰਚ 'ਤੇ ਇਹ ਪਾਤਰਾਂ ਦੀ ਮਨੋਦਸ਼ਾ ਨੂੰ ਦਰਸਾਉਂਦਾ ਹੈ। ਪਰਛਾਵਾਂ ਮਨੁੱਖੀ ਅਸਲੀਅਤ ਦਾ ਪ੍ਰਤੀਕ ਹੈ। ਜਿਵੇਂ ਸਰੀਰ ਦਾ ਪਰਛਾਵਾਂ ਹੁੰਦਾ ਹੈ, ਤਿਵੇਂ ਮਨ ਦਾ ਵੀ ਪਰਛਾਵਾਂ ਹੁੰਦਾ ਹੈ- ਸਾਡੇ ਵਿਚਾਰ, ਸਾਡੇ ਕਰਮ, ਸਾਡੀਆਂ ਯਾਦਾਂ। ਇਹ ਸਾਨੂੰ ਸਿਖਾਉਂਦਾ ਹੈ ਕਿ ਅਸਲੀਅਤ ਸਿਰਫ਼ ਉਹ ਨਹੀਂ ਜੋ ਅੱਖਾਂ ਨੂੰ ਦਿਸਦੀ ਹੈ, ਸਗੋਂ ਉਹ ਵੀ ਹੈ ਜੋ ਅੰਦਰਲੇ ਅੰਧਕਾਰ ਵਿਚ ਲੁਕੀ ਹੋਈ ਹੈ। ਪਰਛਾਵਾਂ ਸਾਡੇ ਨਾਲ ਹਰ ਵੇਲੇ ਹੁੰਦਾ ਹੈ ਖੁਸ਼ੀ ਵਿਚ, ਦੁੱਖ ਵਿਚ, ਇਕੱਲੇਪਨ ਵਿਚ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਕਦੇ ਵੀ ਪੂਰੀ ਤਰ੍ਹਾਂ ਇਕੱਲੇ ਨਹੀਂ। ਜਿਵੇਂ ਸੂਰਜ ਡੁੱਬਣ ਨਾਲ ਪਰਛਾਵਾਂ ਲੰਬਾ ਹੋ ਜਾਂਦਾ ਹੈ, ਤਿਵੇਂ ਜੀਵਨ ਦੇ ਅੰਤਲੇ ਪੜਾਅ ਵਿਚ ਯਾਦਾਂ ਦਾ ਪਰਛਾਵਾਂ ਵੀ ਲੰਬਾ ਹੋ ਜਾਂਦਾ ਹੈ। ਕਈ ਵਾਰੀ ਪੈਸੇ ਵਾਲੇ ਬੰਦੇ ਨਾਲ ਕਈ ਬੰਦੇ ਪਰਛਾਵੇਂ ਵਾਂਗ ਜੁੜ ਜਾਂਦੇ ਹਨ ਤੇ ਉਹ ਖਹਿੜਾ ਹੀ ਨਹੀਂ ਛੱਡਦੇ ਅਤੇ ਆਖਰ ਜਿੰਨਾ ਚਿਰ ਬੰਦਾ ਹਨ੍ਹੇਰੇ 'ਚ ਨਹੀਂ ਡੁੱਬ ਜਾਂਦਾ, ਪਰਛਾਵਿਆਂ ਤੋਂ ਖਹਿੜਾ ਨਹੀਂ ਛੁੱਟਦਾ।
ਪਰਛਾਵੇਂ ਤੋਂ ਨਾ ਡਰੀਏ
ਅਜੀਤ ਡੈਸਕ
28-04-2026