ਤਪਾ ਮੰਡੀ, 27 ਅਪ੍ਰੈਲ (ਪ੍ਰਵੀਨ ਗਰਗ)-ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ, ਜੈਮਲ ਸਿੰਘ ਵਾਲਾ ਵਿਚ ਇਨਵੈਸਟਰ ਸੈਰੇਮਨੀ ਬੜੀ ਸ਼ਾਨੋ-ਸ਼ੌਕਤ, ਅਨੁਸ਼ਾਸਨ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੀ ਗਈ | ਇਸ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਲੀਡਰਸ਼ਿਪ ਗੁਣਾਂ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦੇ ਨਾਲ ਜੋੜਨਾ ਸੀ | ਸਮਾਗਮ ਦੌਰਾਨ ਸਕੂਲ ਦੇ ਪਿ੍ੰਸੀਪਲ ਇਬਰਾਹਿਮ ਉਦਾਮ ਅਤੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਦੀ ਵਿਸ਼ੇਸ਼ ਹਾਜ਼ਰੀ ਰਹੀ, ਜਿਨ੍ਹਾਂ ਨੇ ਸਮਾਰੋਹ ਨੂੰ ਹੋਰ ਵੀ ਗੌਰਵਮਈ ਬਣਾਇਆ | ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜਵਲਨ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਸਕੂਲ ਬੈਂਡ ਵਲੋਂ ਸ਼ਾਨਦਾਰ ਮਾਰਚ ਪਾਸਟ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਨੇ ਕਾਫ਼ੀ ਅਨੁਸ਼ਾਸਨ ਅਤੇ ੲ/ਕਤਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਸਾਰੇ ਹਾਜ਼ਰ ਲੋਕ ਪ੍ਰਭਾਵਿਤ ਹੋਏ | ਇਸ ਮੌਕੇ 'ਤੇ ਰਵਜੋਤ ਸਿੰਘ ਨੂੰ ਹੈੱਡ ਬੁਆਏ ਅਤੇ ਪ੍ਰਭਜੋਤ ਕੌਰ ਨੂੰ ਹੈੱਡ ਗਰਲ ਵਜੋਂ ਚੁਣਿਆ ਗਿਆ | ਦੋਵਾਂ ਵਿਦਿਆਰਥੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਚਨ ਦਿੱਤਾ | ਆਰਟ ਕੈਪਟਨ ਵਜੋਂ ਸੁਖਮਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਦਾ ਰਚਨਾਤਮਿਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ | ਇਸ ਤੋਂ ਇਲਾਵਾ ਮਨਰੀਤ ਕੌਰ ਚੌਹਾਨ ਅਤੇ ਮਨਪ੍ਰੀਤ ਸਿੰਘ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਖੇਡਾਂ ਦੇ ਖੇਤਰ ਵਿਚ ਲਵਜੋਤ ਸਿੰਘ ਨੂੰ ਸਪੋਰਟਸ ਕੈਪਟਨ ਬਣਾਇਆ ਗਿਆ | ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਹਾਊਸ ਸਿਸਟਮ ਅਧੀਨ ਵੀ ਵੱਖ-ਵੱਖ ਕੈਪਟਨ ਅਤੇ ਵਾਇਸ ਕੈਪਟਨ ਦੀ ਨਿਯੁਕਤੀ ਕੀਤੀ ਗਈ | ਨਾਈਟ ਹਾਊਸ ਦੇ ਕੈਪਟਨ ਨਵਜੋਤ ਕੌਰ ਅਤੇ ਵਾਇਸ ਕੈਪਟਨ ਅਰਸ਼ਦੀਪ ਸਿੰਘ ਬਣੇ | ਸਮੁਰਾਈ ਹਾਊਸ ਦੀ ਅਗਵਾਈ ਸਹਿਜਪ੍ਰੀਤ ਕੌਰ ਨੇ ਸੰਭਾਲੀ ਜਦਕਿ ਵਾਇਸ ਕੈਪਟਨ ਅਵਨੀਤ ਕੌਰ ਬਣੇ | ਸਪਾਰਟਨ ਹਾਊਸ ਦੀ ਕਮਾਨ ਮਨਵੀਰ ਕੌਰ ਨੂੰ ਸੌਂਪੀ ਗਈ ਅਤੇ ਵਾਇਸ ਕੈਪਟਨ ਪੁਸ਼ਪਿੰਦਰ ਸਿੰਘ ਬਣੇ | ਟਰੋਜਨ ਹਾਊਸ ਵਿਚ ਅਨੁਰੀਤ ਕੌਰ ਨੂੰ ਕੈਪਟਨ ਅਤੇ ਅਨਾਯਤ ਨੂਰ ਕੌਰ ਨੂੰ ਵਾਇਸ ਕੈਪਟਨ ਨਿਯੁਕਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਇਬਰਾਹਿਮ ਉਦਾਮ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਲੀਡਰ ਬਣਨਾ ਸਿਰਫ਼ ਇੱਕ ਅਹੁਦਾ ਨਹੀਂ, ਬਲਕਿ ਇਹ ਜ਼ਿੰਮੇਵਾਰੀ ਅਤੇ ਸੇਵਾ ਦੀ ਭਾਵਨਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ | ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਨੇ ਵੀ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ | ਸਮਾਰੋਹ ਦੇ ਅੰਤ ਵਿਚ ਸਾਰੇ ਨਿਯੁਕਤ ਵਿਦਿਆਰਥੀਆਂ ਨੇ ਸਕੂਲ ਪ੍ਰਤੀ ਆਪਣੀ ਨਿਸ਼ਠਾ ਦਿਖਾਉਂਦੇ ਹੋਏ ਸ਼ਪਥ ਗ੍ਰਹਿਣ ਕੀਤੀ ਅਤੇ ਸਕੂਲ ਦੀ ਮਰਿਆਦਾ ਨੂੰ ਬਣਾਈ ਰੱਖਣ ਦਾ ਵਾਅਦਾ ਕੀਤਾ | ਸਮਾਗਮ ਬਹੁਤ ਹੀ ਸਫਲ ਅਤੇ ਯਾਦਗਾਰ ਸਾਬਤ ਹੋਇਆ |