ਮਹਿਲ ਕਲਾਂ, 28 ਅਪ੍ਰੈਲ (ਤਰਸੇਮ ਸਿੰਘ ਗਹਿਲ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੂੰਮ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਉਸਾਰੇ ਕਲਾਸ ਰੂਮ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਦੀ 'ਸਿੱਖਿਆ ਕ੍ਰਾਂਤੀ 2.0' ਮੁਹਿੰਮ ਤਹਿਤ ਸਕੂਲਾਂ ਵਿਚ ਕੁੱਲ 24.52 ਲੱਖ ਰੁਪਏ ਦੀ ਗਰਾਂਟ ਨਾਲ ਉਸਾਰੇ ਗਏ ਨਵੇਂ ਕਲਾਸ ਰੂਮ ਸਬੰਧੀ ਇੱਕ ਵਿਸ਼ੇਸ਼ ਉਦਘਾਟਨ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਹਲਕਾ ਮਹਿਲ ਕਲਾਂ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸ: ਕੁਲਵੰਤ ਸਿੰਘ ਪੰਡੋਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਪਿੰਡ ਮੂੰਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਲੋਹਗੜ੍ਹ ਵਿਖੇ 7,48,452 ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਗੰਗੋਹਰ ਵਿਖੇ 7,48,452 ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੂੰਮ ਵਿਖੇ 9,55,000 ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਤਿਆਰ ਕਰਵਾਏ ਗਏ | ਇਸ ਮੌਕੇ ਸਿੱਖਿਆ ਕੋਆਰਡੀਨੇਟਰ ਚਰਨਜੀਤ ਸਿੰਘ, ਹੈੱਡ ਮਾਸਟਰ ਕੁਲਦੀਪ ਸਿੰਘ ਕਮਲ, ਸਰਪੰਚ ਲਖਵੀਰ ਸਿੰਘ ਮੂੰਮ, ਸਾਬਕਾ ਸਰਪੰਚ ਗੁਰਮੀਤ ਸਿੰਘ ਪੰਧੇਰ, ਰਾਜ ਸਿੰਘ ਸਾਬਕਾ ਪੰਚ, ਮਲਕੀਤ ਸਿੰਘ ਮੂੰਮ ਇਲਾਵਾ ਸਕੂਲ ਸਟਾਫ਼ ਅਤੇ ਇਲਾਕੇ ਦੇ ਕਈ ਪਤਵੰਤੇ ਮੌਜੂਦ ਸਨ |