22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨਗਰ ਨਿਗਮ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਵਲੋਂ ਸਰਗਰਮੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 04-05-2026
ਬਰਨਾਲਾ, 3 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ | ਹਾਲਾਂਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਅਜੇ ਤੱਕ ਚੋਣਾਂ ਦੀਆਂ ਤਾਰੀਖ਼ਾਂ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਸੰਭਾਵੀ ਉਮੀਦਵਾਰਾਂ ਨੇ ਆਪੋ-ਆਪਣੇ ਵਾਰਡਾਂ ਵਿਚ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸੇ ਤਰ੍ਹਾਂ ਬਰਨਾਲਾ ਵਿਖੇ ਵੀ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਨੇ ਜ਼ਮੀਨੀ ਪੱਧਰ 'ਤੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਦੱਸਣਯੋਗ ਹੈ ਕਿ ਪ੍ਰਸ਼ਾਸਨਿਕ ਪੱਧਰ 'ਤੇ ਚੋਣਾਂ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ | ਪ੍ਰਸ਼ਾਸਨ ਵਲੋਂ ਡਰਾਫ਼ਟ ਵੋਟਰ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਫਾਈਨਲ ਵੋਟਰ ਸੂਚੀਆਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ | ਪ੍ਰਸ਼ਾਸਨਿਕ ਹਲਚਲ ਨੂੰ ਦੇਖਦਿਆਂ ਹੀ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਚੋਣਾਂ ਇਸੇ ਮਈ ਮਹੀਨੇ ਵਿਚ ਹੀ ਕਰਵਾਈਆਂ ਜਾ ਸਕਦੀਆਂ ਹਨ ਅਤੇ ਇਸੇ ਸੰਭਾਵਨਾ ਦੇ ਚੱਲਦਿਆਂ ਸੰਭਾਵੀ ਉਮੀਦਵਾਰਾਂ ਨੇ ਆਪਣੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਬਰਨਾਲਾ ਨੂੰ ਨਗਰ ਕੌਂਸਲ ਤੋਂ ਅਪਗ੍ਰੇਡ ਕਰ ਕੇ ਨਗਰ ਨਿਗਮ ਦਾ ਦਰਜਾ ਮਿਲ ਚੁੱਕਾ ਹੈ | ਇਸ ਕਾਰਨ ਸ਼ਹਿਰ ਵਿਚ ਵਾਰਡਾਂ ਦੀ ਗਿਣਤੀ ਅਤੇ ਹੱਦਬੰਦੀ ਵਿਚ ਵੱਡਾ ਫੇਰਬਦਲ ਹੋਇਆ ਹੈ, ਜਿਸ ਨਾਲ ਹੁਣ ਵਾਰਡਾਂ ਦੀ ਕੁੱਲ ਗਿਣਤੀ 50 ਹੋ ਗਈ ਹੈ | ਨਵੇਂ ਵਾਰਡ ਬਣਨ ਕਾਰਨ ਕਈ ਪੁਰਾਣੇ ਕੌਂਸਲਰਾਂ ਦੇ ਵੋਟ ਬੈਂਕ ਦੇ ਸਮੀਕਰਨ ਬਦਲ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਨਵੀਂ ਰਣਨੀਤੀ ਘੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਦੂਸਰੇ ਪਾਸੇ ਵਾਰਡਾਂ ਦੀ ਗਿਣਤੀ 50 ਹੋਣ ਕਾਰਨ ਹੁਣ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਦੀ ਹੈ | ਹਰ ਪਾਰਟੀ ਨੂੰ ਅਜਿਹੇ ਮਜ਼ਬੂਤ ਚਿਹਰੇ ਚਾਹੀਦੇ ਹਨ ਜਿਨ੍ਹਾਂ ਦਾ ਆਪਣੇ ਇਲਾਕੇ ਵਿਚ ਚੰਗਾ ਆਧਾਰ ਅਤੇ ਸਾਫ਼-ਸੁਥਰਾ ਅਕਸ ਹੋਵੇ | ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀਆਂ ਦੇ ਅੰਦਰ ਵੀ ਕਾਫ਼ੀ ਖਿੱਚੋਤਾਣ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਇੱਕ-ਇੱਕ ਵਾਰਡ ਤੋਂ ਕਈ-ਕਈ ਦਾਅਵੇਦਾਰ ਪਾਰਟੀ ਹਾਈਕਮਾਂਡ ਤੱਕ ਪਹੁੰਚ ਕਰ ਰਹੇ ਹਨ | ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ 'ਸੈਮੀਫਾਈਨਲ' ਵੀ ਮੰਨਿਆ ਜਾ ਰਿਹਾ ਹੈ | ਸਿਆਸੀ ਮਾਹਿਰਾਂ ਅਨੁਸਾਰ ਜੇਕਰ ਸੂਬੇ ਵਿਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਹੁੰਦੀਆਂ ਹਨ ਤਾਂ ਚੋਣਾਂ ਦੇ ਨਤੀਜੇ ਇਹ ਤੈਅ ਕਰਨਗੇ ਕਿ ਲੋਕਾਂ ਦਾ ਰੁਝਾਨ ਕਿਸ ਪਾਸੇ ਹੈ | ਇਸ ਲਈ ਜਿੱਥੇ ਸੱਤਾਧਾਰੀ ਧਿਰ ਲਈ ਇਹ ਆਪਣੀ ਕਾਰਗੁਜ਼ਾਰੀ 'ਤੇ ਮੋਹਰ ਲਵਾਉਣ ਦਾ ਮੌਕਾ ਹੈ ਉੱਥੇ ਵਿਰੋਧੀ ਧਿਰਾਂ ਲਈ ਇਹ ਆਪਣੀ ਗੁਆਚੀ ਹੋਈ ਜ਼ਮੀਨ ਵਾਪਸ ਹਾਸਲ ਕਰਨ ਦੀ ਲੜਾਈ ਹੈ | ਇਹੀ ਕਾਰਨ ਹੈ ਕਿ ਸਾਰੀਆਂ ਪਾਰਟੀਆਂ ਇਸ ਨੂੰ ਸਿਰਫ਼ ਸਥਾਨਕ ਚੋਣਾਂ ਨਹੀਂ, ਸਗੋਂ ਵੱਕਾਰ ਦਾ ਸਵਾਲ ਮੰਨ ਕੇ ਲੜਨ ਦੇ ਰੌਂਅ ਵਿਚ ਹਨ |

Ad Position 22
No active advertisement
ਪਿਛਲੀ ਖ਼ਬਰ ਤਪਾ ਪੁਲਿਸ ਨੇ ਚੋਰ ਗਰੋਹ ਦੇ 4 ਮੈਂਬਰ ਚੋਰੀ ਦੇ ਸਾਮਾਨ ਸਣੇ ਕੀਤੇ ਕਾਬੂ <br/> ਅਗਲੀ ਖ਼ਬਰ ਈ-ਸੇਵਾ ਵਿਚ ਜ਼ਿਲ੍ਹਾ ਬਰਨਾਲਾ ਦਾ ਸੂਬੇ ਵਿਚੋਂ ਪਹਿਲਾ ਸਥਾਨ ਬਰਕਰਾਰ
Ad Position 24