ਬਰਨਾਲਾ, 3 ਮਈ (ਗੁਰਪ੍ਰੀਤ ਸਿੰਘ ਲਾਡੀ)-ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਅÏਲਖ (ਬਠਿੰਡਾ) ਅਤੇ ਸੂਬਾ ਜਨਰਲ ਸਕੱਤਰ ਹਰਮਨਦੀਪ ਸਿੰਘ ਸਿੱਧੂ (ਬਰਨਾਲਾ) ਦੀ ਅਗਵਾਈ ਵਿਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ | ਮੀਟਿੰਗ ਉਪਰੰਤ ਉਕਤ ਆਗੂਆਂ ਨੇ ਦੱਸਿਆ ਕਿ ਆਊਟਸੋਰਸ ਜਥੇਬੰਦੀ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਨਾਲ ਸਬੰਧਿਤ ਸਿਹਤ ਮੰਤਰੀ ਪੰਜਾਬ, ਸਿਹਤ ਵਿਭਾਗ ਦੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਾਇਰੈਕਟਰ ਐਨ.ਐੱਚ.ਐਮ ਚੰਡੀਗੜ੍ਹ ਨੂੰ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ ਪਰ ਮੰਗਾਂ ਵੱਲ ਅਜੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ | ਜਿਸ ਕਰ ਕੇ ਨਿੱਜੀ ਕੰਪਨੀਆਂ ਵਲੋਂ ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜ਼ਮਾਂ ਨਾਲ ਲਗਾਤਾਰ ਬੰਧੂਆ ਮਜ਼ਦੂਰ ਦੀ ਤਰ੍ਹਾਂ ਵਿਵਹਾਰ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਕਿ ਸਹਿਣਯੋਗ ਨਹੀਂ ਹੈ | ਨਿੱਜੀ ਕੰਪਨੀਆਂ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚੋਂ ਨਾਜਾਇਜ਼ ਫ਼ੀਸ ਦੇ ਰੂਪ ਵਿਚ ਪੈਸੇ ਵਸੂਲੇ ਜਾ ਰਹੇ ਹਨ, ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਕੇ ਉਨ੍ਹਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਵਿਚੋਂ ਛੁੱਟੀ ਲੈਣ 'ਤੇ ਪੈਸੇ ਕੱਟ ਲੈਣਾ ਬਹੁਤ ਹੀ ਮੰਦਭਾਗਾ ਵਰਤਾਰਾ ਹੈ | ਮੁਲਾਜ਼ਮਾਂ ਦੀ ਕੁੱਲ ਸੈਲਰੀ ਬਿੱਲ ਉੱਪਰ 18 ਫ਼ੀਸਦੀ ਜੀ.ਐੱਸ.ਟੀ. ਅਤੇ ਕੰਪਨੀਆਂ ਵਲੋਂ ਐਡਮਿਨ ਚਾਰਜ ਲਗਾਏ ਜਾ ਰਹੇ ਹਨ, ਜਿਸ ਕਰ ਕੇ ਸਿਹਤ ਵਿਭਾਗ ਦਾ ਕਰੋੜਾਂ ਰੁਪਏ ਦਾ ਨੁਕਸਾਨ ਸਿਰਫ਼ ਇਨ੍ਹਾਂ ਨਿੱਜੀ ਕੰਪਨੀਆਂ ਨੂੰ ਮੁਨਾਫ਼ਾ ਦੇਣ ਕਰ ਕੇ ਹੋ ਰਿਹਾ ਹੈ | ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਾਰੇ ਲਗਾ ਕੇ ਗੰੁਮਰਾਹ ਕੀਤਾ ਜਾ ਰਿਹਾ ਹੈ | ਜਿਸ ਕਰ ਕੇ ਸਿਹਤ ਵਿਭਾਗ ਦੇ ਸਮੂਹ ਕੱਚੇ ਕਾਮੇ ਤਿੱਖੇ ਸੰਘਰਸ਼ ਵਿੱਢਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜਥੇਬੰਦੀ ਵਲੋਂ ਕੰਪਨੀਆਂ ਦੁਆਰਾ ਕੀਤੀ ਜਾ ਰਹੀ ਇਸ ਲੁੱਟ ਨੂੰ ਬੰਦ ਕਰਵਾਉਣ, ਸਿਹਤ ਵਿਭਾਗ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਲੈ ਕੇ ਪੱਕਾ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫ਼ਾਰਮੂਲਾ ਲਾਗੂ ਕਰਨ ਨੂੰ ਲੈ ਕੇ ਮਿਤੀ 5 ਅਤੇ 6 ਮਈ ਨੂੰ ਹਰ ਜ਼ਿਲ੍ਹੇ ਵਿਚ ਸਿਵਲ ਸਰਜਨਾਂ ਰਾਹੀਂ ਮੰਗ ਪੱਤਰ ਅਤੇ ਧਰਨਿਆਂ ਦੇ ਨੋਟਿਸ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਰਾਹੀਂ ਮਾਣਯੋਗ ਸਿਹਤ ਮੰਤਰੀ ਪੰਜਾਬ, ਸਿਹਤ ਵਿਭਾਗ ਦੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਐਨ.ਐੱਚ.ਐਮ ਵਿਭਾਗ ਚੰਡੀਗੜ੍ਹ ਨੂੰ ਭੇਜੇ ਜਾਣਗੇ | ਮਿਤੀ 19 ਮਈ ਨੂੰ ਜ਼ਿਲ੍ਹਾ ਬਠਿੰਡਾ ਅਤੇ ਮਿਤੀ 25 ਮਈ ਨੂੰ ਜ਼ਿਲ੍ਹਾ ਮਾਨਸਾ ਵਿਖੇ ਸੂਬਾ ਪੱਧਰੀ ਇਕੱਠ ਕਰ ਕੇ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਬਠਿੰਡਾ, ਬਰਨਾਲਾ, ਲੁਧਿਆਣਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀਆਂ ਆਗੂ ਟੀਮਾਂ ਨੇ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕੀਤੀ |