ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਪੁਲਿਸ ਵਲੋਂ ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੀ ਐਫ.ਆਈ.ਆਰ. ਰੱਦ ਨਾ ਕਰਨ ਦੇ ਰੋਸ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮਿਤੀ 14 ਮਾਰਚ ਨੂੰ ੂ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਕਚਹਿਰੀ ਚੌਂਕ ਬਰਨਾਲਾ ਵਿਖੇ ਭਗਵੰਤ ਮਾਨ ਸਰਕਾਰ ਵਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਸੂਬੇ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 1000 ਰੁਪਏ ਪ੍ਰਤੀ ਮਹੀਨਾ ਨਾ ਪਾਉਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਸੀ | ਪਰ ਥਾਣਾ ਸਿਟੀ-2 ਦੇ ਮੁੱਖ ਅਫ਼ਸਰ ਦੇ ਬਿਆਨਾਂ ਦੇ ਆਧਾਰ 'ਤੇ 20 ਸੀਨੀਅਰ ਕਾਂਗਰਸੀ ਆਗੂਆਂ ਨੂੰ ਨਾਮਜ਼ਦ ਕਰ ਕੇ ਅਤੇ 15-20 ਅਣਪਛਾਤੇ ਕਾਂਗਰਸੀ ਵਰਕਰਾਂ 'ਤੇ ਐਫ.ਆਈ.ਆਰ. ਦਰਜ ਕੀਤੀ ਗਈ | ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਸਥਾਨਕ ਸੱਤਾਧਾਰੀਆਂ ਦੇ ਇਸ਼ਾਰੇ 'ਤੇ ਸਿਆਸੀ ਬਦਲਾਖੋਰੀ ਤਹਿਤ ਇਹ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ | ਜਿਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਐਫ.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਵਲੋਂ ਕੋਈ ਸੰਜੀਦਗੀ ਨਹੀਂ ਦਿਖਾਈ ਗਈ | ਇਸ ਲਈ ਹੁਣ ਉਨ੍ਹਾਂ ਵਲੋਂ ਝੂਠੀ ਐਫ.ਆਈ.ਆਰ. ਰੱਦ ਕਰਵਾਉਣ ਲਈ ਮਿਤੀ 6 ਮਈ ਤੋਂ ਐਸ.ਐਸ.ਪੀ. ਦਫ਼ਤਰ ਅੱਗੇ ਭੁੱਖ ਹੜਤਾਲ 'ਤੇ ਬੈਠਣਗੇ | ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਦੇ ਹੱਕਾਂ ਤੇ ਹਿਤਾਂ ਦੀ ਖ਼ਾਤਰ ਵੱਡੇ ਤੋਂ ਵੱਡਾ ਸੰਘਰਸ਼ ਵੀ ਕਰ ਸਕਦੇ ਹਨ ਅਤੇ ਉਹ ਆਪਣੀ ਜਾਨ ਤੱਕ ਦੀ ਵੀ ਪ੍ਰਵਾਹ ਨਹੀਂ ਕਰਨਗੇ | ਕਾਂਗਰਸੀ ਆਗੂਆਂ 'ਤੇ ਦਰਜ ਹੋਈ ਝੂਠੀ ਐਫ.ਆਈ.ਆਰ. ਰੱਦ ਕਰਵਾਉਣ ਲਈ ਉਨ੍ਹਾਂ ਦੀ ਇਹ ਭੁੱਖ ਹੜਤਾਲ ਦਿਨ-ਰਾਤ ਲਗਾਤਾਰ ਚੱਲੇਗੀ ਅਤੇ ਐਫ.ਆਈ.ਆਰ. ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ |