ਮਹਿਲ ਕਲਾਂ, 4 ਮਈ (ਤਰਸੇਮ ਸਿੰਘ ਗਹਿਲ)-ਮਾਲਵਾ ਕਾਲਜ ਆਫ਼ ਨਰਸਿੰਗ ਮਹਿਲ ਕਲਾਂ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਫਰੈਸ਼ਰ ਪਾਰਟੀ ਦਾ ਆਯੋਜਨ ਸਥਾਨਿਕ ਸ਼ਗਨ ਪੈਲੇਸ ਵਿਖੇ ਕੀਤਾ ਗਿਆ | ਇਸ ਪਾਰਟੀ ਵਿਚ ਜਿੱਥੇ ਕਾਲਜ ਦੇ ਸਮੂਹ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਉੱਥੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਾਰਿਕਾ ਬਾਂਸਲ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਬਾਬੂ ਰੌਸ਼ਨ ਲਾਲ ਬਾਂਸਲ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਪਰੰਪਰਾਗਤ ਤਰੀਕੇ ਨਾਲ ਕੀਤੀ ਗਈ ਉਪਰੰਤ ਸ਼ੁਰੂ ਹੋਈ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਵਲੋਂ ਗੀਤ ਸੰਗੀਤ ਕੋਰੀਓਗਰਾਫੀਆਂ ਗਿੱਧਾ ਭੰਗੜਾ ਆਦਿ ਦੀ ਸਫਲ ਪੇਸ਼ਕਾਰੀ ਕੀਤੀ ਗਈ | ਨਵੇਂ ਵਿਦਿਆਰਥੀਆਂ ਨੇ ਵੀ ਆਪਣੀ ਪ੍ਰਤਿਭਾ ਦਿਖਾਈ ਅਤੇ ਸਭ ਦਾ ਦਿਲ ਜਿੱਤਿਆ | ਸੀਨੀਅਰ ਵਿਦਿਆਰਥੀਆਂ ਵਲੋਂ ਫਰੈਸ਼ਰ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ | ਇਸ ਦੌਰਾਨ ਮਿਸਟਰ ਅਤੇ ਮਿਸ ਫਰੈਸ਼ਰ ਦੀ ਚੋਣ ਵੀ ਕੀਤੀ ਗਈ | ਕਾਲਜ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਅਨਿਲ ਜਿੰਦਲ, ਪਿ੍ੰਸੀਪਲ ਯਾਦਵਿੰਦਰ ਕੌਰ, ਗੁਰਜੰਟ ਸਿੰਘ ਤੋਂ ਇਲਾਵਾ ਰਕੇਸ਼ ਕੁਮਾਰ ਬਾਂਸਲ ਆਦਿ ਹਾਜ਼ਰ ਸਨ |