ਟੱਲੇਵਾਲ, 4 ਮਈ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਦੇ ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਵਿਖੇ ਬੇਅਦਬੀ ਕਾਨੂੰਨ ਲਾਗੂ ਹੋਣ ਦੀ ਖ਼ੁਸ਼ੀ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਆਮ ਆਦਮੀ ਪਾਰਟੀ ਦੇ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਜ਼ਿਲ੍ਹਾ ਸਕੱਤਰ, ਰਮਨਦੀਪ ਕੌਰ ਹਲਕਾ ਕੁਆਰਡੀਨੇਟਰ, ਕਿਰਨਦੀਪ ਕੌਰ ਬਲਾਕ ਪ੍ਰਧਾਨ ਵੁਮੈਨ ਵਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਪਾਸ ਕਰ ਕੇ ਉਨ੍ਹਾਂ ਸਮੁੱਚੇ ਪੰਜਾਬੀਆਂ ਅੰਦਰਲੀ ਪੀੜ ਦਾ ਹੱਲ ਕੀਤਾ ਹੈ, ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਨੇ ਸਮੁੱਚੇ ਪੰਜਾਬ ਸਮੇਤ ਦੁਨੀਆ ਵਿਚ ਵੱਸਦੇ ਲੋਕਾਂ ਦੇ ਹਿਰਦੇ ਨੂੰ ਵਲੂੰਧਰ ਦਿੱਤਾ ਸੀ | ਸਰਕਾਰ ਵਲੋਂ ਚੁੱਕਿਆ ਗਿਆ ਇਹ ਕਦਮ ਧਾਰਮਿਕ ਸਤਿਕਾਰ ਦੀ ਰੱਖਿਆ ਵੱਲ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ | ਆਗੂਆਂ ਨੇ ਕਿਹਾ ਕਿ ਸਿਰਫ਼ ਕਾਨੂੰਨ ਬਣ ਜਾਣਾ ਹੀ ਕਾਫ਼ੀ ਨਹੀਂ, ਸਗੋਂ ਸਮਾਜ ਨੂੰ ਖ਼ੁਦ ਵੀ ਸਚੇਤ ਅਤੇ ਜਾਗਰੂਕ ਰਹਿਣ ਦੀ ਲੋੜ ਹੈ | ਕਾਨੂੰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਘਰਾਂ ਦੀ ਰੱਖਿਆ ਕਰਨਾ ਪਹਿਲਾਂ ਸਾਡਾ ਹੱਕ ਹੈ | ਉਨ੍ਹਾਂ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਪਵਿੱਤਰ ਅਸਥਾਨਾਂ ਦੀ ਮਰਿਯਾਦਾ ਬਣਾਈ ਰੱਖਣ ਲਈ ਪਹਿਰੇਦਾਰ ਬਣੀਏ | ਇਸ ਮੌਕੇ ਸਰਪੰਚ ਬਲਵੀਰ ਸਿੰਘ ਮਾਨ, ਪਿ੍ਤਪਾਲ ਸਿੰਘ ਗਹਿਲ ਬਲਾਕ ਪ੍ਰਧਾਨ, ਦਰਬਾਰਾ ਸਿੰਘ ਸਾਬਕਾ ਪੰਚ, ਗੁਰਜਿੰਦਰਪਾਲ ਸਿੰਘ ਮਾਨ, ਕਰਮਜੀਤ ਸਿੰਘ ਪੰਚ, ਚਮਕੌਰ ਸਿੰਘ ਪੰਚ, ਅਮਰਜੀਤ ਸਿੰਘ, ਭੁਪੇਸ਼ ਕੁਮਾਰ ਕਾਕਾ, ਜਸਵੰਤ ਸਿੰਘ ਮੈਨੇਜਰ, ਮਾ: ਰੂਪ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |