ਸ਼ਹਿਣਾ, 4 ਮਈ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਦੀ ਗੱਦਾ ਫ਼ੈਕਟਰੀ ਵਿਚ ਕਾਮਿਆਂ ਵਲੋਂ ਤਨਖ਼ਾਹ ਵਧਾਉਣ ਦੀ ਮੰਗ ਨੂੰ ਲੈ ਕੇ ਫ਼ੈਕਟਰੀ ਦੇ ਮੇਨ ਗੇਟ ਅੱਗੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਮਨਦੀਪ ਸਿੰਘ, ਪ੍ਰਭਜੋਤ ਸਿੰਘ, ਬ੍ਰਹਮਪ੍ਰੀਤ ਸਿੰਘ, ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਫ਼ੈਕਟਰੀ ਵਲੋਂ ਕਾਮਿਆਂ ਨੂੰ ਤਨਖ਼ਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ ਅਤੇ ਕਾਮਿਆਂ ਤੋਂ ਕੰਮ ਵੀ ਲੋੜ ਤੋਂ ਜ਼ਿਆਦਾ ਲਿਆ ਜਾਂਦਾ ਹੈ, ਉਨ੍ਹਾਂ ਕਿਹਾ ਕਿ ਘੱਟ ਤਨਖ਼ਾਹ ਹੋਣ ਕਾਰਨ ਕਾਮਿਆਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਹੁੰਦਾ ਹੈ ਕਿਉਂਕਿ ਫ਼ੈਕਟਰੀ ਵਲੋਂ ਸਰਕਾਰੀ ਰੇਟ ਤੋਂ ਵੀ ਦਿਹਾੜੀ ਕਾਮਿਆਂ ਨੂੰ ਘੱਟ ਦਿੱਤੀ ਜਾਂਦੀ ਹੈ | ਖ਼ਬਰ ਲਿਖੇ ਜਾਣ ਤੱਕ ਕਾਮਿਆਂ ਦਾ ਕੜਕਦੀ ਧੁੱਪ ਵਿਚ ਧਰਨਾ ਜਾਰੀ ਸੀ | ਫ਼ੈਕਟਰੀ ਮਾਲਕਾਂ ਵਲੋਂ ਕਾਮਿਆਂ ਦੀਆਂ ਮੰਗਾਂ ਸਬੰਧੀ ਰਾਇ ਮਸ਼ਵਰਾ ਕੀਤਾ ਜਾ ਰਿਹਾ ਸੀ | ਇਸ ਮੌਕੇ ਕਾਲਾ ਸਿੰਘ, ਬੂਟਾ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ |