ਰੂੜੇਕੇ ਕਲਾਂ, 6 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਸਾਲਾਂ ਤੋਂ ਲੈ ਕੇ ਹਰ ਛੇ ਮਹੀਨੇ ਬਾਅਦ ਜ਼ਿਲ੍ਹਾ ਬਰਨਾਲਾ 'ਚ ਸੈਂਕੜੇ ਰੁੱਖ ਅੱਗ ਦੀ ਲਪੇਟ 'ਚ ਆਉਣ ਕਰ ਕੇ ਸੜ ਕੇ ਸੁਆਹ ਹੋ ਜਾਂਦੇ ਹਨ | ਜਿਸ ਕਰ ਕੇ ਜ਼ਿਲ੍ਹਾ ਭਰ ਵਿਚੋਂ ਦਿਨੋਂ ਦਿਨ ਰੁੱਖਾਂ ਦੀ ਗਿਣਤੀ ਘੱਟ ਰਹੀ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਮੁੱਖ ਮਾਰਗਾਂ, ਿਲੰਕ ਸੜਕਾਂ, ਕੱਚੇ ਰਸਤਿਆਂ, ਪਹੀਆਂ, ਨਹਿਰੀ ਰਜਵਾਹਿਆਂ, ਮਿੰਨੀ ਰਜਵਾਹਿਆਂ, ਨਹਿਰੀ ਖਾਲ਼ਾਂ ਦੀਆਂ ਸਾਈਡਾਂ ਆਦਿ ਜਨਤਕ ਸੰਮਤੀਆਂ 'ਚ ਹਰੇ ਭਰੇ ਰੁੱਖ ਖੜ੍ਹੇ ਹਨ | ਜੋ ਕਿ ਨਾਲ ਲੱਗਦੀਆਂ ਜ਼ਮੀਨਾਂ ਦੇ ਕਾਸ਼ਤਕਾਰ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ | ਕੁੱਝ ਕਿਸਾਨ ਤਾਂ ਰੁੱਖਾਂ ਨੂੰ ਬਚਾਉਣ ਲਈ ਰੁੱਖਾਂ ਦੇ ਨਜ਼ਦੀਕ ਆਪਣੇ ਟਰੈਕਟਰਾਂ ਨਾਲ ਜ਼ਮੀਨ ਦੀ ਵਹਾਈ ਕਰ ਲੈਂਦੇ ਹਨ | ਜਿਸ ਕਰ ਕੇ ਖੇਤਾਂ ਵਿਚ ਲਗਾਈ ਅੱਗ ਰੁੱਖਾਂ ਦਾ ਨੁਕਸਾਨ ਨਹੀਂ ਕਰਦੀ | ਬਹੁ-ਗਿਣਤੀ ਕਿਸਾਨ ਰੁੱਖਾਂ ਨੂੰ ਬਚਾਉਣ ਲਈ ਯਤਨ ਨਹੀਂ ਕਰਦੇ ਜਿਸ ਕਰ ਕੇ ਹਰ ਛੇ ਮਹੀਨੇ ਬਾਅਦ ਸੈਂਕੜੇ ਰੁੱਖ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਸੜ ਕੇ ਖ਼ਤਮ ਹੋ ਜਾਂਦੇ ਹਨ | ਸਬੰਧਿਤ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਰੁੱਖਾਂ ਨੂੰ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਅਤੇ ਰੁੱਖਾਂ ਦਾ ਅੱਗ ਨਾਲ ਨੁਕਸਾਨ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਇਕ ਦੂਜੇ ਵਿਭਾਗ 'ਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਸੁੱਟ ਕੇ ਪੱਲਾ ਝਾੜ ਲਿਆ ਜਾਂਦਾ ਹੈ | ਿਲੰਕ ਸੜਕਾਂ ਅਤੇ ਮੁੱਖ ਮਾਰਗਾਂ 'ਤੇ ਮਗਨਰੇਗਾ ਸਕੀਮ ਤਹਿਤ ਕਾਮਿਆਂ ਵਲੋਂ ਬੂਟੇ ਲਗਾਏ ਜਾਂਦੇ ਹਨ ਜੋ ਕਿ ਹਰ ਛੇ ਮਹੀਨੇ ਬਾਅਦ ਅੱਗ ਨਾਲ ਸਾੜ ਕੇ ਖ਼ਤਮ ਕਰ ਦਿੱਤੇ ਜਾਂਦੇ ਹਨ | ਜਨਤਕ ਇਕੱਠਾਂ ਅਤੇ ਪ੍ਰੋਗਰਾਮਾਂ ਵਿਚ ਉੱਚ ਅਧਿਕਾਰੀਆਂ ਵਲੋਂ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਵਾਸੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਤਾਂ ਕੀਤਾ ਜਾਂਦਾ ਹੈ | ਪ੍ਰੰਤੂ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ 'ਚ ਰੁੱਖਾਂ ਨੂੰ ਬਚਾਉਣ ਲਈ ਕੋਈ ਸਾਰਥਿਕ ਯਤਨ ਸਾਹਮਣੇ ਨਹੀਂ ਆਏ ਹਨ | ਜੇਕਰ ਭਵਿੱਖ ਵਿਚ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ਵਿਚ ਆਉਣ ਵਾਲੇ ਜਨਤਕ ਰੁੱਖਾਂ ਨੂੰ ਬਚਾਉਣ ਲਈ ਯਤਨ ਨਾ ਕੀਤੇ ਗਏ ਤਾਂ ਭਵਿੱਖ ਵਿਚ ਜਨਤਕ ਰੁੱਖਾਂ ਦੀ ਗਿਣਤੀ ਬਹੁਤ ਘੱਟ ਜਾਵੇਗੀ | ਜ਼ਿਲ੍ਹੇ ਦੇ ਵਾਤਾਵਰਨ ਪੇ੍ਰਮੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਭਰ ਵਿਚ ਅੱਗ ਦੀ ਲਪੇਟ ਵਿਚ ਆਏ ਰੁੱਖਾਂ ਦੀ ਸਬੰਧਿਤ ਵਿਭਾਗ ਵਣ ਵਿਭਾਗ, ਪੀ.ਡਬਲਿਊ.ਡੀ., ਨਹਿਰੀ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਤੋਂ ਪੜਤਾਲ ਕਰਵਾ ਕੇ ਵਿਸ਼ੇਸ਼ ਰਿਪੋਰਟ ਤਿਆਰ ਕਰ ਕੇ ਜਨਤਕ ਰੁੱਖਾਂ ਨੂੰ ਅੱਗ ਨਾਲ ਸਾੜਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |