ਤਪਾ ਮੰਡੀ, 23 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਪਾ ਮੰਡੀ ਦੇ ਕੁੱਝ ਕੁ ਵਾਰਡਾਂ ਵਿਚ ਸ਼ਾਮ ਸਵੇਰੇ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਜਿਸ ਨੂੰ ਲੈ ਕੇ ਵੋਟਰਾਂ ਦੇ ਵਾਰੇ ਨਿਆਰੇ ਹੋ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਉਮੀਦਵਾਰਾਂ ਵਲੋਂ ਆਪਣੇ-ਆਪਣੇ ਵਾਰਡਾਂ ਵਿਚ ਟੈਂਟ ਲਗਾ ਕੇ ਚੋਣ ਦਫ਼ਤਰਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਅਤੇ ਵੋਟਰਾਂ ਨੂੰ ਖਾਣ ਪੀਣ ਲਈ ਸਵਾਦਿਸ਼ਟ ਪਕਵਾਨ ਪਰੋਸੇ ਜਾ ਰਹੇ ਹਨ | ਇਸ ਤੋਂ ਇਲਾਵਾ ਉਦਘਾਟਨ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ ਜਾ ਰਹੇ ਹਨ | ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਕਿਸੇ ਵੱਡੇ ਘਰਾਨਿਆਂ ਦੇ ਵਿਆਹ ਵਰਗੇ ਮਾਹੌਲ ਨਾਲੋਂ ਘੱਟ ਨਹੀਂ ਹਨ ਅਤੇ ਹਰ ਸਾਲ ਬਾਅਦ ਹੀ ਕੋਈ ਨਾ ਕੋਈ ਵੋਟਾਂ ਆਉਂਦੀਆਂ ਹੀ ਰਹਿੰਦੀਆਂ ਹਨ | ਉਨ੍ਹਾਂ ਕਿਹਾ ਕਿ ਕੋਈ ਜਿੱਤੇ ਕੋਈ ਹਾਰੇ, ਪਰ 26 ਮਈ ਨੂੰ ਪੋਲਿੰਗ ਵਾਲੇ ਦਿਨ ਤੱਕ ਵੋਟਰਾਂ ਨੂੰ ਖਾਣ-ਪੀਣ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ | ਜਦ ਕਿ ਵੋਟਰ ਵੋਟਾਂ ਵਾਲੇ ਦਿਨ ਕਿਸ ਉਮੀਦਵਾਰ ਦੇ ਹੱਕ 'ਚ ਵੋਟਾਂ ਪਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |