ਮਹਿਲ ਕਲਾਂ, 24 ਮਈ (ਅਵਤਾਰ ਸਿੰਘ ਅਣਖੀ)- ਉੱਭਰਦੇ ਪੰਜਾਬੀ ਗਾਇਕ ਸਨੀ ਜੀ ਦਾ ਨਵਾਂ ਗੀਤ 'ਰਾਂਝਾ' ਸੰਦੀਪ ਕੁਰੜ ਵਲੋਂ ਬੀਤੇ ਦਿਨੀਂ ਅਧਿਕਾਰਤ ਤੌਰ 'ਤੇ ਰਿਲੀਜ਼ ਕੀਤਾ ਗਿਆ, ਜਿਸ ਨੂੰ ਸੰਗੀਤ ਪ੍ਰੇਮੀਆਂ ਅਤੇ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿੱਕੀ ਅਨੰਦ ਅਤੇ ਕਰਮਜੀਤ ਮਹਿਲ ਖ਼ੁਰਦ ਨੇ ਦੱਸਿਆ ਕਿ ਗੀਤ ਦੇ ਬੋਲ ਪਿਆਰ, ਜਜ਼ਬਾਤ ਅਤੇ ਰੂਹਾਨੀ ਅਹਿਸਾਸਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਦਰਸਾਉਂਦੇ ਹਨ, ਜਿਸ ਵਿਚ ਸਨੀ ਜੀ ਦੀ ਮਿੱਠੀ ਆਵਾਜ਼, ਸ਼ਾਨਦਾਰ ਮਿਊਜ਼ਿਕ ਅਤੇ ਬਿਹਤਰੀਨ ਵੀਡੀਓਗ੍ਰਾਫ਼ੀ ਨੇ ਇਸ ਨੂੰ ਹੋਰ ਵੀ ਖ਼ਾਸ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ | ਗੀਤ ਦੀ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਗੀਤਕਾਰ ਸੰਦੀਪ ਕੁਰੜ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਪੰਜਾਬੀ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨੌਜਵਾਨ ਗਾਇਕਾਂ ਦੀ ਵੱਧ ਤੋਂ ਵੱਧ ਹੌਸਲਾ ਅਫ਼ਜਾਈ ਕਰਨ ਤਾਂ ਜੋ ਭਵਿੱਖ ਵਿਚ ਹੋਰ ਵੀ ਚੰਗੇ ਤੇ ਮਿਆਰੀ ਗੀਤਾਂ ਦਾ ਨਿਰਮਾਣ ਹੋ ਸਕੇ, ਜਦਕਿ ਦੂਜੇ ਪਾਸੇ ਗਾਇਕ ਸਨੀ ਜੀ ਨੇ ਆਪਣਾ ਅਹਿਸਾਸ ਸਾਂਝਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਰੋਤਿਆਂ ਲਈ ਦਿਲ ਨੂੰ ਛੂਹਣ ਵਾਲੇ ਗੀਤ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ 'ਰਾਂਝਾ' ਗੀਤ ਲੋਕਾਂ ਦੇ ਦਿਲਾਂ ਵਿਚ ਆਪਣੀ ਇਕ ਵੱਖਰੀ ਤੇ ਪੱਕੀ ਪਹਿਚਾਣ ਬਣਾਏਗਾ | ਇਸ ਖ਼ਾਸ ਗੀਤ ਨੂੰ ਰਿਲੀਜ਼ ਕਰਨ ਦੇ ਮੌਕੇ 'ਤੇ ਉਨ੍ਹਾਂ ਦੇ ਨਾਲ ਮੋਹਿੰਦਰ ਸੰਗਾਨੀਆ, ਨਰਿੰਦਰ ਕੁਰੜ ਅਤੇ ਜਗਨ ਕੁਰੜ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |