ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਹਰਪ੍ਰੀਤ ਸਿੰਘ ਮਿਤੀ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਵਿਘਨ ਨੇਪਰੇ ਚਾੜ੍ਹਨ ਲਈ ਅਹਿਮ ਹੁਕਮ ਜਾਰੀ ਕੀਤੇ ਗਏ ਹਨ | ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਵਿਚ ਜਨਤਕ ਥਾਵਾਂ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਕਿਸੇ ਵੀ ਤਰ੍ਹਾਂ ਦੀ ਨਾਅਰੇਬਾਜ਼ੀ ਕਰਨ, ਭੜਕਾਊ ਭਾਸ਼ਣ ਦੇਣ, ਮੀਟਿੰਗਾਂ ਕਰਨ, ਜਲੂਸ ਕੱਢਣ ਤੇ ਰੈਲੀਆਂ ਕਰਨ 'ਤੇ ਪਾਬੰਦੀ ਲਗਾਈ ਗਈ ਹੈ | ਇਨ੍ਹਾਂ ਹੁਕਮਾਂ ਤੋਂ ਡਿਊਟੀ 'ਤੇ ਤਾਇਨਾਤ ਸੁਰੱਖਿਆ/ਪੁਲਿਸ ਅਮਲੇ 'ਤੇ, ਵਰਦੀ ਵਿਚ ਫ਼ੌਜ ਦੇ ਅਧਿਕਾਰੀਆਂ, ਡਿਊਟੀ 'ਤੇ ਮੌਜੂਦ ਹੋਰ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਵਿਆਹ-ਸ਼ਾਦੀ, ਧਾਰਮਿਕ ਸਥਾਨਾਂ, ਧਾਰਮਿਕ ਸੰਸਥਾਵਾਂ ਉੱਪਰ ਜ਼ਿਲ੍ਹਾ ਮੈਜਿਸਟਰੇਟ/ਉਪ-ਮੰਡਲ ਮੈਜਿਸਟਰੇਟ/ਰਿਟਰਨਿੰਗ ਅਫ਼ਸਰ ਚੋਣਾਂ, ਨਗਰ ਨਿਗਮ ਬਰਨਾਲਾ/ਨਗਰ ਕੌਂਸਲ, ਤਪਾ, ਧਨੌਲਾ, ਭਦੌੜ, ਨਗਰ ਪੰਚਾਇਤ ਹੰਡਿਆਇਆ ਪਾਸੋਂ ਜਾਰੀ ਪ੍ਰਵਾਨਗੀ ਅਨੁਸਾਰ ਛੋਟ ਹੋਵੇਗੀ |