ਰੂੜੇਕੇ ਕਲਾਂ, 27 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਹਨੇਕੇ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਰਮਸਾਲਾ ਕਾਹਨੇਕੇ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਰਾਤ 9 ਤੋਂ 11 ਵਜੇ ਤੱਕ ਇਲਾਕੇ ਦੀਆਂ ਇਕੱਤਰ ਵੱਡੀ ਗਿਣਤੀ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ ਨੇ ਕਿਹਾ ਕਿ ਗਿਆਨ ਵਿਹੂਣੇ ਕਮਜ਼ੋਰ ਮਨਾਂ ਵਾਲੇ ਅਗਿਆਨੀ ਵਿਅਕਤੀ ਜਿਨ੍ਹਾਂ ਦੇ ਮਨ ਡੋਲੇ ਹੋਏ ਹਨ ਉਹ ਧਾਗੇ, ਤਵੀਤਾਂ, ਕਬਰਾਂ, ਮੜ੍ਹੀਆਂ, ਅਖੌਤੀ ਡੇਰਿਆਂ, ਜੋਤਸ਼ੀਆਂ ਦਾ ਸਹਾਰਾ ਲੈ ਕੇ ਆਪਣੀ ਆਰਥਿਕ ਤੇ ਮਾਨਸਿਕ ਲੁੱਟ ਕਰਵਾਉਂਦੇ ਹਨ। ਜਦੋਂ ਕਿ ਜੋਤਸ਼, ਪੌਣ ਤੇ ਪੁੱਛਾਂ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਜਿਸ ਘਰ ਦੀ ਬੀਬੀ, ਭੈਣ ਜਾਂ ਭਾਈ ਅਖੌਤੀ ਡੇਰਿਆਂ, ਮੜ੍ਹੀਆਂ, ਕਬਰਾਂ ਅਤੇ ਜੋਤਸ਼ੀਆਂ ਕੋਲ ਜਾ ਕੇ ਤਵੀਤਾਂ, ਧਾਗਿਆਂ, ਯਾਦੂ, ਟੂਣਿਆਂ, ਪੁੱਛਾਂ, ਜੋਤਾਂ ਦਾ ਸਹਾਰਾ ਲੈਂਦੇ ਹਨ ਉਹ ਘਰ ਕਦੇ ਖ਼ੁਸ਼ੀ ਨਹੀਂ ਵੱਸਦੇ ਹੁੰਦੇ। ਅਖੌਤੀ ਦੇਹਧਾਰੀ ਬਾਬੇ ਗੁਰਬਾਣੀ ਨਾਲੋਂ ਟੁੱਟੇ ਹੋਈ ਮਨੁੱਖਤਾ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਮਾਨਸਿਕ ਤੇ ਆਰਥਿਕ ਲੁੱਟ ਕਰ ਰਹੇ ਹਨ। ਉਨ੍ਹਾਂ ਇਕੱਤਰ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਕਿਸੇ ਵੀ ਵਹਿਮ ਭਰਮ ਵਿਚ ਫਸ ਕੇ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ। ਸਭਨਾਂ ਨੂੰ ਪੈਦਾ ਕਰਨ ਵਾਲਾ ਇਕ ਪਰਮੇਸ਼ਰ ਹੈ। ਪਰਮੇਸ਼ਰ ਹੀ ਸਭਨਾਂ ਦਾ ਪਾਲਨ ਪੋਸ਼ਣ ਕਰ ਰਿਹਾ ਹੈ। ਦੁੱਖ ਸੁੱਖ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੁੰਦੇ ਹਨ। ਜੇਕਰ ਅਸੀਂ ਚੰਗੇ ਕੰਮ ਕਰਾਂਗੇ ਤਾਂ ਚੰਗਾ ਜੀਵਨ ਬਤੀਤ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।