ਬਰਨਾਲਾ, 28 ਮਈ (ਅਸ਼ੋਕ ਭਾਰਤੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਦੀ ਪ੍ਰਧਾਨਗੀ ਹੇਠ ਡੀ.ਸੀ. ਕੰਪਲੈਕਸ ਬਰਨਾਲਾ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਭੱਦਲਵੱਡ, ਕਰਮਜੀਤ ਸਿੰਘ ਭੋਤਨਾ, ਏਕਮਪ੍ਰੀਤ ਸਿੰਘ ਭੋਤਨਾ, ਜਗਤਾਰ ਸਿੰਘ ਪੱਤੀ, ਰਮਨਦੀਪ ਸਿੰਘ ਤੇ ਵਿਕਾਸ ਕੁਮਾਰ ਭੱਦਲਵੱਡ ਨੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਦੇ ਕੰਮ ਲਈ ਕੀੜੀ ਦੀ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਅਧਿਆਪਕਾਂ ਦੇ ਅਨੇਕਾਂ ਕੰਮ ਫਾਈਲਾਂ ਵਿਚ ਦਫ਼ਤਰਾਂ ਦੀਆਂ ਅਲਮਾਰੀਆਂ ਦੀ ਧੂੜ ਫੱਕ ਰਹੇ ਹਨ | ਅਨੇਕਾਂ ਵਾਰ ਕੇਸ ਮੰਗਣ ਅਤੇ ਲਿਸਟਾਂ ਜਾਰੀ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਕਿਸੇ ਵੀ ਕਾਡਰ ਦੇ ਪ੍ਰਮੋਸ਼ਨ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ | ਕੋਰਟ ਕੇਸਾਂ ਰਾਹੀਂ ਆਏ ਅਧਿਆਪਕਾਂ ਨੂੰ ਮਾੜੀ ਨੀਅਤ ਨਾਲ ਦੂਰ-ਦੁਰਾਡੇ ਸਟੇਸ਼ਨ ਦੇ ਕੇ ਖ਼ੱਜਲ਼-ਖ਼ੁਆਰ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਭਰਤੀ ਸੈਲ ਦੀ ਮਾੜੀ ਨੀਅਤ ਸ਼ਰੇ੍ਹਆਮ ਉਜਾਗਰ ਹੁੰਦੀ ਹੈ ਤੇ ਜਿਸ ਵਿਚੋਂ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਦੀ ਬੋਅ ਆਉਂਦੀ ਹੈ | ਪ੍ਰਾਇਮਰੀ ਪੱਧਰ 'ਤੇ ਮੈਡੀਕਲ ਰੀਇੰਬਰਸਮੈਂਟ ਕੇਸਾਂ ਨੂੰ ਵੀ ਬੁਰੀ ਨੀਤ ਸਾਲਾਂ ਬੱਧੀ ਰੋਲ ਕੇ ਰੱਖਿਆ ਜਾਂਦਾ ਹੈ | ਆਗੂਆਂ ਨੇ ਕਿਹਾ ਕਿ ਦੂਰ ਦੁਰਾਡੇ ਨੌਕਰੀਆਂ ਕਰ ਰਹੇ ਅਧਿਆਪਕਾਂ ਨੂੰ ਤੁਰੰਤ ਰਾਹਤ ਦਿਵਾਉਣ ਤੇ ਬਦਲੀਆਂ ਦੇ ਕੰਮ ਵਿਚ ਤੇਜੀ ਲਿਆਉਣਾ, 17 ਜੁਲਾਈ 2020 ਤੋਂ ਬਾਅਦ ਦੇ ਮੁਲਾਜ਼ਮਾਂ ਲਈ ਪੁਰਾਣੇ ਸਕੇਲਾਂ ਦੀ ਬਹਾਲੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬੰਦ ਪਏ ਭੱਤੇ, ਏ. ਸੀ.ਪੀ ਸਕੀਮ ਚਾਲੂ ਕਰਵਾਉਣ, ਛੇਵੇਂ ਪੇ ਕਮਿਸ਼ਨ ਦੀਆਂ ਬਾਕੀ ਰਹਿੰਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਵਾਉਣ, ਨਵੀਂ ਭਰਤੀ ਸ਼ੁਰੂ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਲਗਾਤਾਰ ਮੁਜ਼ਾਹਰੇ ਕਰ ਕੇ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ | ਆਗੂਆਂ ਕਿਹਾ ਕਿ ਜਥੇਬੰਦੀ ਵਲੋਂ 2 ਜੂਨ ਨੂੰ ਸਿੱਖਿਆ ਭਵਨ ਮੋਹਾਲੀ ਅੱਗੇ ਰੋਸ ਰੈਲੀ ਕੀਤੀ ਜਾਵੇਗੀ | ਜਿਸ ਵਿਚ ਵੱਡੀ ਗਿਣਤੀ 'ਚ ਅਧਿਆਪਕ ਪਹੁੰਚਣਗੇ | ਇਸ ਮੌਕੇ ਪ੍ਰਭਜੋਤ ਸਿੰਘ ਠੁੱਲੀਵਾਲ, ਭਾਰਤ ਭੂਸ਼ਨ, ਜਗਦੀਪ ਸਿੰਘ ਭੱਦਲਵੱਡ, ਪਰਮਿੰਦਰ ਸਿੰਘ ਠੀਕਰੀਵਾਲਾ, ਸੂਰੀਆ ਕੁਮਾਰ ਸ਼ਹਿਣਾ, ਹੈਡ ਮਾਸਟਰ ਕੁਲਦੀਪ ਸਿੰਘ, ਅਰਵਿੰਦਰ ਸਿੰਘ, ਗੁਰਗੀਤ ਸਿੰਘ ਠੀਕਰੀਵਾਲ, ਰਾਜ ਕੁਮਾਰ, ਕੁਲਦੀਪ ਸਿੰਘ ਗਹਿਲ, ਹਰਜਿੰਦਰ ਸਿੰਘ ਠੀਕਰੀਵਾਲ, ਜਤਿੰਦਰ ਸਿੰਘ ਜੋਤੀ, ਸੁਖਪਾਲ ਸਿੰਘ ਸੇਖਾ, ਚਮਕੌਰ ਸਿੰਘ ਭੋਤਨਾ, ਰਾਣਾ ਸਿੰਘ, ਰਘਵੀਰ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਮਲਕੀਤ ਸਿੰਘ ਪੱਤੀ ਆਦਿ ਹਾਜ਼ਰ ਸਨ |