ਤਪਾ ਮੰਡੀ, 28 ਮਈ (ਵਿਜੇ ਸ਼ਰਮਾ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦਾ ਕੰਮ ਜਿਉਂ ਹੀ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ, ਤਾਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ, ਉਸੇ ਰਾਤ ਹੀ ਕਈ ਦਿਨਾਂ ਤੋਂ ਚੋਣ ਪ੍ਰਚਾਰ ਵਿਚ ਥੱਕੇ ਟੁੱਟੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜਾਮ ਖੜਕਾ ਕੇ ਥਕਾਵਟ ਦੂਰ ਕਰਦਿਆਂ 15 ਵਾਰਡਾਂ ਵਿਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਫ਼ੈਸਲਾ ਕਰਨ ਲੱਗੇ ਕਿ ਕਿਹੜੇ ਵਾਰਡ ਵਿਚੋਂ ਕਿਹੜਾ ਉਮੀਦਵਾਰ ਚੋਣ ਜਿੱਤ ਸਕਦਾ ਹੈ | ਜ਼ਿਕਰਯੋਗ ਹੈ ਕਿ ਵਾਰਡ 5, 7 ਅਤੇ 11 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਖ਼ਤ ਮੁਕਾਬਲਾ ਆਜ਼ਾਦ ਉਮੀਦਵਾਰਾਂ ਵਿਚਕਾਰ ਫਸਿਆ ਹੋਇਆ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨੇ ਵਾਰਡਾਂ ਅੰਦਰ ਥੋੜ੍ਹੀਆਂ ਵੋਟਾਂ 'ਤੇ ਹੀ ਜਿੱਤ ਹਾਰ ਹੋਵੇਗੀ | ਪਰ ਸ਼ਹਿਰੀਆਂ ਵਲੋਂ ਚੋਣਾਂ ਵਾਲੇ ਦਿਨ ਹੀ ਆਪਣੇ ਪੱਧਰ 'ਤੇ ਸਾਰੇ ਵਾਰਡਾਂ ਦਾ ਨਤੀਜਾ ਕੱਢ ਦਿੱਤਾ ਹੈ ਕਿ ਕਿਹੜਾ ਉਮੀਦਵਾਰ ਜਿੱਤ ਰਿਹਾ ਹੈ, ਵੋਟਰਾਂ ਵਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ | ਪਰ 29 ਮਈ ਨੂੰ ਹੋ ਰਹੀ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਕਿਹੜਾ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਦਿਆਂ ਹੋਇਆਂ ਕਿੰਨੀਆਂ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਿਆ ਹੈ |