ਸੁਨਾਮ ਊਧਮ ਸਿੰਘ ਵਾਲਾ, 29 ਮਈ (ਸੱਗੂ, ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਲੈਂਡ ਮਾਰਗੇਜ ਬੈਂਕ ਸੁਨਾਮ ਅੱਗੇ 11 ਮਈ ਤੋਂ ਚੱਲ ਰਹੇ ਪੱਕੇ ਮੋਰਚੇ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣ ਸਿੰਘ ਚੱਠਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮੰਤਰਾਲੇ ਸਹਿਕਾਰਤਾ ਵਿਭਾਗ ਦੀ ਅਗਵਾਈ ਵਾਲੇ ਲੈਂਡ ਮਾਰਗੇਜ ਬੈਂਕ ਵੱਲੋਂ ਕਈ ਕਈ ਸਾਲ ਪਹਿਲਾਂ ਕਿਸਾਨਾਂ ਤੋਂ ਲੋਨ ਦੇ ਪੈਸੇ ਭਰਵਾਉਣ ਅਤੇ ਕਲੀਅਰੈਂਸ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲਏ ਗਏ ਖਾਲੀ ਚੈੱਕ ਅਦਾਲਤ ਵਿੱਚ ਲਗਾ ਕੇ ਕਿਸਾਨਾਂ ਨੂੰ ਜੇਲ੍ਹ ਭੇਜਣ ਅਤੇ ਜ਼ਮੀਨ ਹੜੱਪਣ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨ ਅਤੇ ਇਸੇ ਲੈਂਡ ਮਾਰਗੇਜ ਬੈਂਕ ਵੱਲੋਂ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਨੂੰ ਪੈਸੇ ਭਰਵਾਉਣ ਤੋਂ ਬਾਅਦ ਵੀ ਤੰਗ ਪ੍ਰੇਸ਼ਾਨ ਕਰ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਹਰੀ ਨੌਂ ਵਾਲੇ ਮਿ੍ਤਕ ਭਰਾਵਾਂ ਤੇ ਬੈਂਕ ਤੋਂ ਪੀੜਤ ਹੋਰ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ 30 ਮਾਰਚ ਤੋਂ ਫ਼ਰੀਦਕੋਟ ਬੈਂਕ ਅੱਗੇ ਅਤੇ 11 ਮਈ ਤੋਂ 11 ਹੋਰ ਜ਼ਿਲਿ੍ਹਆਂ 'ਚ ਲੈਂਡ ਮਾਰਗੇਜ ਬੈਂਕ ਅੱਗੇ ਪੱਕੇ ਧਰਨੇ ਚੱਲ ਰਹੇ ਹਨ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਬੀਤੇ ਦਿਨ ਜਥੇਬੰਦੀ ਦੀ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਬੈਂਕ ਨਾਲ ਸਬੰਧਿਤ ਮੰਗਾਂ ਵੱਲ ਅੱਖਾਂ ਮੀਚੀ ਬੈਠੇ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਕੁੰਭਕਰਨੀ ਨੀਂਦ ਚੋਂ ਜਗਾਉਣ ਲਈ 1 ਜੂਨ ਨੂੰ ਰਜਿਸਟਰਾਰ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ | ਕਿਸਾਨ ਆਗੂ ਚੱਠਾ ਨੇ ਦੱਸਿਆ ਕਿ ਬੈਂਕਾਂ ਅੱਗੇ ਚੱਲ ਰਹੇ ਪੱਕੇ ਮੋਰਚੇ ਮੰਗਾਂ ਮੰਨੇ ਜਾਣ ਤੱਕ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਕੇਵਲ ਸਿੰਘ ਜਵੰਧਾ, ਕਰਮਜੀਤ ਸਿੰਘ ਬਾਲਦ ਕਲਾਂ, ਜਸਵੰਤ ਸਿੰਘ ਛਾਹੜ, ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ , ਕਸ਼ਮੀਰ ਸਿੰਘ ਉਗਰਾਹਾਂ, ਮਨਿੰਦਰ ਸਿੰਘ ਲਦਾਲ, ਮੇਜਰ ਸਿੰਘ ਸੁਰਜਣ ਭੈਣੀ, ਗੁਰਦੇਵ ਸਿੰਘ ਖਡਿਆਲ, ਹਰੀ ਸਿੰਘ ਚੱਠਾ, ਕੁਲਵੰਤ ਸਿੰਘ ਉਭਿਆ, ਮਨਜੀਤ ਖਾਈ, ਗੁਰਦੀਪ ਜਲੂਰ, ਗੁਰਚਰਨ ਲਹਿਲ ਕਲਾਂ, ਮਿੱਠੂ ਭੂਟਾਲ, ਪਰਸਰਾਮ ਕੱਲਰ ਭੈਣੀ, ਬਲਵੀਰ ਰੋੜੇਵਾਲਾ, ਗੁਰਚਰਨ ਡਸਕਾ, ਕਾਕਾ ਸਲੇਮਗੜ੍ਹ, ਸੁਖਦੇਵ ਖੋਖਰ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਕਰਮ ਸਿੰਘ ਨਮੋਲ, ਕੁਲਵੀਰ ਗੰਢੂਆਂ, ਮਦਨ ਦਾਸ ਮਹਿਲਾ, ਭੋਲਾ ਸਿੰਘ ਚੱਠਾ, ਮੁਖ਼ਤਿਆਰ ਸਿੰਘ ਨੀਲੋਵਾਲ, ਨਿਰਮਲ ਸਿੰਘ ਜਵੰਧਾਂ, ਨਾਇਬ ਸਿੰਘ ਜਖੇਪਲ, ਅਮਨਦੀਪ ਸਿੰਘ ਸ਼ੇਰੋਂ, ਭਗਵੰਤ ਸਿੰਘ ਮੈਦੇਵਾਸ, ਮਿਸਰਾ ਸਿੰਘ ਤੋਲਾਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ |