ਸੰਗਰੂਰ, 1 ਜੂਨ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 7 ਜੂਨ ਨੂੰ ਲੇਖਕ ਭਵਨ ਸੰਗਰੂਰ ਵਿਖੇ ਸਭਾ ਦਾ ਤੇਰ੍ਹਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤਕਾਰ ਧਰਮ ਸਿੰਘ ਕੰਮੇਆਣਾ ਕਰਨਗੇ, ਜਿਸ ਵਿਚ ਡਾ. ਮੀਤ ਖਟੜਾ ਦਾ ਗ਼ਜ਼ਲ-ਸੰਗ੍ਰਹਿ 'ਜ਼ਖ਼ਮਾਂ ਦੀ ਲੋਅ' ਲੋਕ ਅਰਪਣ ਕੀਤਾ ਜਾਵੇਗਾ | ਪੁਸਤਕ ਸਬੰਧੀ ਪਰਚਾ ਡਾ. ਮਨੀਸ਼ਾ ਰਾਣੀ ਪੜ੍ਹਨਗੇ ਅਤੇ ਵਿਚਾਰ-ਚਰਚਾ ਵਿਚ ਸੁਰਿੰਦਰ ਸ਼ਰਮਾ ਨਾਗਰਾ, ਜਗੀਰ ਸਿੰਘ ਰਤਨ ਅਤੇ ਕਰਮ ਸਿੰਘ ਜ਼ਖ਼ਮੀ ਹਿੱਸਾ ਲੈਣਗੇ | ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ | ਸੁਖਵਿੰਦਰ ਸਿੰਘ ਲੋਟੇ ਸਭਾ ਵਲੋਂ ਚਲਾਏ ਜਾ ਰਹੇ ਕਵਿਤਾ ਸਕੂਲ ਵਿਚ ਅਰੂਜ਼ੀ ਬਹਿਰਾਂ ਦੀ ਸਿਖਲਾਈ ਜਾਰੀ ਰੱਖਣਗੇ |