ਬਰਨਾਲਾ, 1 ਜੂਨ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਬੂਟਾ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਖਾਦ, ਡੀਜ਼ਲ, ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਦੇ ਨਾਲ ਹੀ ਬੈਂਕਾਂ ਵਲੋਂ ਨਗਦੀ ਦੇਣ 'ਤੇ ਲਾਈਆਂ ਰੁਕਾਵਟਾਂ ਹਟਾਈਆਂ ਜਾਣ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ 'ਚ ਪੰਜਾਬ ਦੀ ਸਥਾਈ ਮੈਂਬਰੀ ਦਾ ਹੱਕ ਬਹਾਲ ਕੀਤਾ ਜਾਵੇ | ਆਗੂਆਂ ਕਿਹਾ ਕਿ ਕੇਂਦਰ ਵਲੋਂ ਫ਼ਸਲਾਂ ਦੀ ਐਮ.ਐਸ.ਪੀ. 'ਚ ਨਿਗੂਣਾ ਵਾਧਾ ਰੱਦ ਕੀਤਾ ਜਾਂਦਾ ਹੈ ਅਤੇ 32+50 ਫ਼ੀਸਦੀ ਫ਼ਾਰਮੂਲੇ ਮੁਤਾਬਕ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਚਾਹੀਦਾ | ਵਧਦੀ ਹੋਈ ਮਹਿੰਗਾਈ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵਲੋਂ ਨਵਾਂ ਹੱਦ ਕਰਜ਼ਾ ਤੁਰੰਤ ਲਾਗੂ ਕੀਤਾ ਜਾਵੇ ਅਤੇ ਨਵੇਂ ਹੱਦ ਬਣਾਏ ਜਾਣ | ਉਨ੍ਹਾਂ ਕਿਹਾ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ 15 ਮਈ ਤੱਕ ਵਾਅਦਾ ਕੀਤਾ ਸੀ, ਪਰ ਅਜੇ ਤੱਕ ਨੋਟੀਫ਼ਿਕੇਸ਼ਨ ਨਹੀਂ ਆਇਆ ਜਿਸ 'ਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਸਾਰੇ ਕਿਸਾਨ-ਮਜ਼ਦੂਰਾਂ ਦੀ ਪੂਰਨ ਕਰਜ਼ਾ ਮੁਕਤੀ ਅਤੇ 58 ਸਾਲ ਦੀ ਉਮਰ 'ਤੇ ਕਿਸਾਨ ਨੂੰ 10,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਅਤੇ ਡਿਮਾਂਡ ਨੋਟਿਸਾਂ ਦੀ ਮਿਆਦ ਵਧਾ ਕੇ ਮੋਟਰ ਕੁਨੈਕਸ਼ਨ ਜਾਰੀ ਕੀਤੇ ਜਾਣ | ਉਨ੍ਹਾਂ ਮੰਗ ਕੀਤੀ ਕਿ ਬੀਜ ਬਿੱਲ, ਬਿਜਲੀ ਸੋਧ ਬਿੱਲ ਦਾ ਰੱਦ ਕੀਤੇ ਜਾਣ ਅਤੇ ਨਾਲ ਹੀ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ 'ਚੋਂ ਖੇਤੀ ਖੇਤਰ ਬਾਹਰ ਰੱਖਿਆ ਜਾਵੇ | ਆਗੂਆਂ ਕਿਹਾ ਕਿ ਸਮੂਹ ਪੰਜਾਬ ਦੇ ਡੀ.ਸੀ. ਦਫ਼ਤਰਾਂ ਅੱਗੇ 2 ਜੂਨ ਨੂੰ ਧਰਨੇ ਦਿੱਤੇ ਜਾਣਗੇ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੱੁਕੀਆਂ ਹਨ | ਇਸ ਮੌਕੇ ਸੂਬਾ ਖ਼ਜ਼ਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਘੁਡਾਨੀ, ਸੂਬਾ ਸਹਿ ਖ਼ਜ਼ਾਨਚੀ ਦਲਜਿੰਦਰ ਸਿੰਘ ਗੁਰਨਾਂ, ਹਰਭਗਵਾਨ ਸਿੰਘ ਪਟਿਆਲਾ, ਜਗਮੇਲ ਸਿੰਘ ਸੁਧੇਵਾਲ, ਪੂਰਨ ਸਿੰਘ ਵੱਟੂ, ਕਰਮ ਸਿੰਘ ਭਾਈਰੂਪਾ, ਦਰਸ਼ਨ ਸਿੰਘ ਉੱਗੋਕੇ, ਸਿਕੰਦਰ ਸਿੰਘ ਭੂਰੇ, ਕਰਮਜੀਤ ਸਿੰਘ ਚੈਨਾ, ਸੁਖਦੇਵ ਸਿੰਘ ਫ਼ੌਜੀ, ਮਹਿੰਦਰ ਸਿੰਘ ਕਮਾਲਪੁਰਾ, ਜਸਵਿੰਦਰ ਸਿੰਘ ਕਾਲੇਕੇ, ਡਾ: ਅਕਬਰ ਚੜਿਕ, ਸਤਿਬੀਰ ਸਿੰਘ ਰਾਏ, ਮਹਿੰਦਰ ਸਿੰਘ ਭੈਣੀ ਬਾਘਾ, ਲੱਛਮਣ ਸਿੰਘ ਚੱਕ ਅਲੀਸ਼ੇਰ, ਸਤਨਾਮ ਸਿੰਘ ਲੋਹਗੜ੍ਹ, ਰਾਜਮਹਿੰਦਰ ਸਿੰਘ ਕੋਟਭਾਰਾ, ਸ਼ਮਸ਼ੇਰ ਸਿੰਘ ਈਸਾਪੁਰ, ਛਿੰਦਰ ਸਿੰਘ ਹਰਦਾਸਾ, ਸਵਰਨ ਸਿੰਘ ਫ਼ਿਰੋਜ਼ਪੁਰ, ਟਹਿਲ ਸਿੰਘ ਕੱਕੇਪੁਰ ਆਦਿ ਆਗੂ ਹਾਜ਼ਰ ਸਨ |