ਲਹਿਰਾਗਾਗਾ, 1 ਜੂਨ (ਅਸ਼ੋਕ ਗਰਗ) - ਸਥਾਨਕ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਦਾ ਟਰੈਕਟਰ ਅਤੇ ਟਰਾਲੀ ਬਰਾਮਦ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਅਤੇ ਚੈਕਿੰਗ ਸੰਬੰਧੀ ਬੱਸ ਅੱਡਾ ਪਿੰਡ ਭੁਟਾਲ ਕਲਾਂ ਮੌਜੂਦ ਸਨ ਤਾਂ ਮੁਖਬਰ ਨੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੂੰ ਇਤਲਾਹ ਦਿੱਤੀ ਕਿ ਪਿੰਡ ਭੁਟਾਲ ਕਲਾਂ ਦੇ ਗਿੱਪੀ, ਮੰਗੂ ਅਤੇ ਬਿੰਦਰਪੁਰੀ ਜੋ ਚੋਰੀਆਂ ਕਰਨ ਦੇ ਆਦੀ ਹਨ ਅਤੇ ਬਾਹਰਲੇ ਸੂਬੇ ਵਿੱਚੋਂ ਵਹੀਕਲ ਚੋਰੀ ਕਰ ਕੇ ਅੱਗੇ ਵੇਚਦੇ ਹਨ | ਹੁਣ ਵੀ ਕੁਝ ਦਿਨ ਪਹਿਲਾਂ ਇੱਕ ਟਰੈਕਟਰ ਮਾਰਕਾ ਫੋਰਡ ਰੰਗ ਨੀਲਾ ਸਮੇਤ ਟਰਾਲੀ ਹਰਿਆਣਾ ਸੂਬੇ 'ਚੋਂ ਚੋਰੀ ਕਰ ਕੇ ਲਿਆਏ ਹਨ | ਅੱਜ ਚੋਰੀਸ਼ੁਦਾ ਟਰੈਕਟਰ ਟਰਾਲੀ ਲਹਿਲ ਖ਼ੁਰਦ ਵਾਲੀ ਸਾਇਡ ਖੇਤ 'ਚ ਖੜੀ ਕਰ ਕੇ ਟਰਾਲੀ ਦੀ ਪਹਿਚਾਣ ਨੂੰ ਛਪਾਉਣ ਵਾਸਤੇ ਉਸ 'ਤੇ ਰੰਗ ਕਰ ਰਹੇ ਹਨ | ਪੁਲਿਸ ਨੇ ਤੁਰੰਤ ਛਾਪੇਮਾਰੀ ਦੌਰਾਨ ਇਕ ਟਰੈਕਟਰ ਫੋਰਡ ਸਮੇਤ ਟਰਾਲੀ ਬਰਾਮਦ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ | ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ |