08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਤਲ ਨੂੰ ਸਟੰਟ ਕਹਿ ਕੇ ਧਨੌਲਾ ਪੁਲਿਸ ਵਲੋਂ ਦੋਸ਼ੀਆਂ ਨੂੰ ਨਿਰਦੋਸ਼ ਸਾਬਤ ਕਰਨਾ ਬਣਿਆ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 07-06-2026
ਧਨੌਲਾ, 6 ਜੂਨ (ਜਤਿੰਦਰ ਸਿੰਘ ਧਨੌਲਾ)- ਤੇਜਿੰਦਰ ਦਾਸ ਬਾਵਾ ਦੇ ਕਾਤਲਾਂ ਦੀ ਗਿ੍ਫ਼ਤਾਰੀ ਅਤੇ ਪਰਚਾ ਦਰਜ ਕਰਨ ਨੂੰ ਲੈ ਕੇ ਧਨੌਲਾ ਦੇ ਅਮਨ ਪਸੰਦ ਸ਼ਹਿਰੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਤੇਜਿੰਦਰ ਦਾਸ ਦੇ ਪਰਿਵਾਰ ਨੂੰ ਨਾਲ ਲੈ ਕੇ ਥਾਣਾ ਧਨੌਲਾ ਅੱਗੇ ਧਰਨਾ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੇਜਿੰਦਰ ਦਾਸ ਆਪਣੇ ਖੇਤ ਆਪਣੇ ਦੋ ਬੱਚਿਆਂ ਸਮੇਤ ਜ਼ਮੀਨ ਵਾਹ ਰਿਹਾ ਸੀ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਕੱਠ ਵਿਚ ਦੱਸਿਆ ਕਿ ਪਿੰਡ ਅਤਰਗੜ੍ਹ ਦੇ ਤਿੰਨ ਵਿਅਕਤੀ ਭੋਲਾ, ਟੀਟੂ ਅਤੇ ਗਾਂਧੀ ਲੰਬੇ ਸਮੇਂ ਤੋਂ ਤੇਜਿੰਦਰ ਦਾਸ ਨਾਲ ਰੰਜਿਸ਼ ਰੱਖਦੇ ਸੀ | ਪਰਿਵਾਰਕ ਮੈਂਬਰਾਂ ਨੇ ਇਕੱਠ ਵਿਚ ਦੱਸਿਆ ਕਿ ਉਹ ਉਪਰੋਕਤ ਤਿੰਨਾਂ ਵਿਅਕਤੀਆਂ ਨੇ ਖੇਤ ਆ ਕੇ ਟਰੈਕਟਰ ਹੇਠਾਂ ਲਤੜ ਕੇ ਤੇਜਿੰਦਰ ਦਾ ਕਤਲ ਕਰ ਦਿੱਤਾ | ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ, ਸ੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸਕੱਤਰ ਦਰਸ਼ਨ ਦਾਸ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕੇਵਲ ਸਿੰਘ ਅਤੇ ਬਹਾਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਆਖਿਆ ਕਿ ਤੇਜਿੰਦਰ ਦਾਸ ਦੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ | ਐਸ.ਐਚ.ਓ ਧਨੌਲਾ ਨੇ ਜ਼ਿੰਮੇਵਾਰ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਮਾਮਲੇ ਦੀ ਹੇਠਲੀ ਤਹਿ ਤੱਕ ਪੜਤਾਲ ਕੀਤੀ ਹੈ, ਸਾਡੀ ਪੜਤਾਲ ਦੌਰਾਨ ਇਹ ਪਤਾ ਲੱਗਾ ਹੈ ਕਿ ਟਰੈਕਟਰ ਚਾਲਕ ਟਰੈਕਟਰ 'ਤੇ ਸਟੰਟ ਕਰ ਰਿਹਾ ਸੀ, ਜਿਸ ਦੀ ਸਟੰਟ ਕਰਦਿਆਂ ਡਿੱਗਣ ਨਾਲ ਮੌਤ ਹੋਈ ਹੈ | ਐਸ.ਐਚ.ਓ ਨੇ ਆਖਿਆ ਕਿ ਅਸੀਂ ਕਿਸੇ ਨਿਰਦੋਸ਼ ਵਿਰੁੱਧ ਨਾਜਾਇਜ਼ ਪਰਚਾ ਦਰਜ ਨਹੀਂ ਕਰ ਸਕਦੇ | ਦੂਸਰੇ ਪਾਸੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਬਰਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਅਸੀਂ ਕਿਸੇ ਖ਼ਿਲਾਫ਼ ਨਾਜਾਇਜ਼ ਪਰਚਾ ਦਰਜ ਕਰਨ ਦੀ ਮੰਗ ਨਹੀਂ ਕਰਦੇ | ਪ੍ਰੰਤੂ ਮਰਨ ਵਾਲੇ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ | ਪੜਤਾਲ ਉਪਰੰਤ ਜੇ ਪਾਇਆ ਜਾਵੇ ਕਿ ਦੋਸ਼ੀਆਂ ਖ਼ਿਲਾਫ਼ ਦਰਜ ਪਰਚਾ ਸਹੀ ਨਹੀਂ ਤਾਂ ਭਾਵੇਂ ਬਾਅਦ ਵਿਚ ਰੱਦ ਕਰ ਦਿੱਤਾ ਜਾਵੇ | ਉਨ੍ਹਾਂ ਆਖਿਆ ਪ੍ਰੰਤੂ ਪੁਲਿਸ ਦਾ ਇਹ ਰਵੱਈਆ ਬਰਦਾਸ਼ਤ ਯੋਗ ਨਹੀਂ ਹੈ | ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਦ ਮਿ੍ਤਕ ਦੇ ਚਸ਼ਮਦੀਦ ਸਪੁੱਤਰ ਅਤੇ ਇਕ ਹੋਰ ਪਰਿਵਾਰਕ ਮੈਂਬਰ ਨੂੰ ਅਲੱਗ-ਅਲੱਗ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੇ ਬਿਆਨ ਅਲੱਗ-ਅਲੱਗ ਸਨ | ਜਦ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਬੱਚੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ | ਪਰਚਾ ਮਿ੍ਤਕ ਦੀ ਮਾਤਾ ਜਾਂ ਉਸ ਦੀ ਪਤਨੀ ਵਲੋਂ ਦਰਜ ਕੀਤਾ ਜਾਣਾ ਚਾਹੀਦਾ ਹੈ | ਐਸ.ਐਚ.ਓ ਦਾ ਕਹਿਣਾ ਸੀ ਕਿ ਇਹ ਵੱਡਾ ਪਰਚਾ ਹੈ ਜਿਸ ਨੂੰ ਅਸੀਂ ਕਿਸੇ ਦੇ ਕਹਿਣ 'ਤੇ ਦਰਜ ਨਹੀਂ ਕਰ ਸਕਦੇ | ਮਿ੍ਤਕ ਦੀ ਧਰਮ ਪਤਨੀ ਮਿ੍ਤਕ ਦੀ ਮਾਤਾ ਤੇ ਸਮੁੱਚਾ ਪਰਿਵਾਰ ਸਾਰਾ ਦਿਨ ਕੜਕਦੀ ਧੁੱਪ ਵਿਚ ਇਨਸਾਫ਼ ਲੈਣ ਲਈ ਥਾਣਾ ਧਨੌਲਾ ਅੱਗੇ ਧੁੱਪ ਵਿਚ ਬੈਠਾ ਰਿਹਾ | ਧਰਨਾਕਾਰੀਆਂ ਨੇ ਇੱਥੋਂ ਤੱਕ ਆਖਿਆ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਮਿ੍ਤਕ ਦੀ ਦੇਹ ਮੁੱਖ ਮਾਰਗ 'ਤੇ ਰੱਖ ਕੇ ਅਣਮਿਥੇ ਸਮੇਂ ਲਈ ਸੜਕ ਜਾਮ ਕਰ ਦੇਣਗੇ | ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਖਿਆ ਕਿ ਮੈਂ ਐਸ.ਐਸ.ਪੀ ਨਾਲ ਗੱਲ ਕਰਾਂਗਾ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਾਂਗਾ | ਇਕੱਠ ਵਿਚ ਇਹ ਚਰਚਾ ਆਮ ਸੁਣੀ ਗਈ ਕਿ ਕਾਤਲਾਂ ਦੇ ਹੱਕ ਵਿਚ ਪੁਲਿਸ ਦੀ ਹਮਦਰਦੀ ਅਤੇ ਪੁਲਿਸ ਦਾ ਕਤਲ ਨੂੰ ਸਟੰਟ ਕਹਿਣਾ ਬਹੁਤ ਹੀ ਮੰਦਭਾਗਾ ਹੈ | ਜਿਸ ਦੀ ਡੀ.ਜੀ.ਪੀ ਪੱਧਰ ਦੇ ਅਧਿਕਾਰੀ ਵਲੋਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ | ਧਰਨਾਕਾਰੀ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਵੀ ਹਾਜ਼ਰੀ ਲਵਾ ਕੇ ਗਏ | ਖ਼ਬਰ ਲਿਖੇ ਜਾਣ ਤੱਕ ਮਾਮਲਾ ਤਲਖ਼ ਸੀ ਅਤੇ ਕੋਈ ਸਿੱਟੇ ਤੱਕ ਨਹੀਂ ਸੀ ਅੱਪੜ ਸਕਿਆ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਬੈਂਕ 'ਚੋਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ
Ad Position 24