ਟੱਲੇਵਾਲ, 6 ਜੂਨ (ਸੋਨੀ ਚੀਮਾ)-ਸਮੂਹ ਟੈਕਨੀਕਲ ਮੁਲਾਜ਼ਮਾਂ ਵਲੋਂ 66 ਕੇ.ਵੀ ਗਰਿੱਡ ਪੱਖੋਕੇ ਵਿਖੇ ਅਪ੍ਰੈਂਟਿਸਸਿਪ ਲਾਈਨਮੈਨ ਜੋ ਸ਼ਾਂਤਮਈ ਸੰਘਰਸ਼ ਕਰ ਰਹੇ ਸਨ ਤੇ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਫੱਟੜ ਕਰਨ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ ਗਈ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਪ੍ਰਧਾਨ ਸਤਿੰਦਰਪਾਲ ਸਿੰਘ ਜੱਸੜ ਅਤੇ ਬੂਟਾ ਸਿੰਘ ਪ੍ਰਧਾਨ ਕਿਸਾਨ ਜਥੇਬੰਦੀ ਕਾਦੀਆਂ ਨੇ ਕਿਹਾ ਕਿ ਪਾਵਰਕਾਮ ਹੈਡ ਆਫ਼ਿਸ ਪਟਿਆਲਾ ਵਿਖੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਆਈ.ਟੀ.ਆਈ ਅਪ੍ਰੈਂਟਿਸਸਿਪ ਲਾਈਨਮੈਨਾਂ ਉੱਪਰ ਪੁਲਿਸ ਵਲੋਂ ਕੀਤੇ ਅੰਨੇ੍ਹਵਾਹ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਸਮੁੱਚੇ ਬਿਜਲੀ ਮੁਲਾਜ਼ਮ ਅਪ੍ਰੈਂਟਿਸਸਿਪ ਲਾਈਨਮੈਨ ਦੇ ਨਾਲ ਹਨ | ਜੇਕਰ ਪਾਵਰਕਾਮ ਦੀ ਮਨੈਜਮੈਂਟ ਨੇ ਇਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਸਮੁੱਚੇ ਬਿਜਲੀ ਕਾਮੇ ਇਨ੍ਹਾਂ ਦੇ ਹੱਕ ਵਿਚ ਸੰਘਰਸ਼ ਤੇਜ਼ ਕਰਨਗੇ | ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਸਬ ਡਵੀਜ਼ਨ ਸ਼ਹਿਣਾ ਦੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਬਿਜਲੀ ਨਿਗਮ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਯੋਗ ਨੌਜਵਾਨਾਂ ਨੂੰ ਭਰਤੀ ਕਰਨ ਦੀ ਥਾਂ ਤੇ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਨੌਜਵਾਨਾਂ ਉੱਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਂਟ ਦੇ ਇਸ਼ਾਰੇ 'ਤੇ ਅੰਨੇ੍ਹਵਾਹ ਲਾਠੀਚਾਰਜ ਕੀਤਾ ਗਿਆ ਜੋ ਬਹੁਤ ਹੀ ਨਿੰਦਣਯੋਗ ਹੈ | ਪ੍ਰਧਾਨ ਸਤਿੰਦਰਪਾਲ ਸਿੰਘ ਜੱਸੜ ਨੇ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਥਾਂ 'ਤੇ ਸਰਕਾਰ ਵਲੋਂ ਟਕਰਾਅ ਦੀ ਨੀਤੀ ਅਪਣਾਈ ਜਾਂਦੀ ਹੈ ਤਾਂ ਜੱਥੇਬੰਦੀ ਇਨ੍ਹਾਂ ਸਾਥੀਆਂ ਦੇ ਸੰਘਰਸ਼ ਵਿਚ ਪੰਜਾਬ ਪੱਧਰ 'ਤੇ ਹਰ ਤਰ੍ਹਾਂ ਦੇ ਸਹਿਯੋਗ ਕਰੇਗੀ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਆਪਣੀ ਹੋਵੇਗੀ | ਇਸ ਮੌਕੇ ਮੁਲਾਜ਼ਮ ਆਗੂ ਮਨਪ੍ਰੀਤ ਸਿੰਘ ਚੀਮਾ, ਸ਼ਿੰਗਾਰਾ ਸਿੰਘ, ਜਗਤਾਰ ਸਿੰਘ ਪੱਖੋਕੇ, ਹਰਜੀਤ ਸਿੰਘ, ਜਸਕਰਨ ਸਿੰਘ, ਬੂਟਾ ਸਿੰਘ ਇਕਾਈ ਪ੍ਰਧਾਨ ਕਾਦੀਆਂ, ਬੂਟਾ ਸਿੰਘ ਖ਼ਾਲਸਾ, ਕਰਨੈਲ ਸਿੰਘ ਕਿਸਾਨ ਆਗੂ, ਸੁਖਦੇਵ ਸਿੰਘ, ਰਾਜ ਸਿੰਘ, ਕੁਲਵੰਤ ਸਿੰਘ ਡਵੀਜ਼ਨ ਪ੍ਰਧਾਨ ਬਰਨਾਲਾ ਟੈਕਨੀਕਲ ਸਰਵਿਸਿਜ਼ ਯੂਨੀਅਨ ਆਦਿ ਹਾਜ਼ਰ ਸਨ |