ਮਹਿਲ ਕਲਾਂ, 8 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਧਨੇਰ ਦੀ ਸਰਪੰਚ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਿੰਡ ਦੀਆਂ ਦੋ ਧਿਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ, ਜਿੱਥੇ ਸਰਪੰਚ ਦੀ ਧਿਰ ਇਸ ਕਾਰਵਾਈ ਨੂੰ ਸਿੱਧੀ ਧੱਕੇਸ਼ਾਹੀ ਕਰਾਰ ਦੇ ਰਹੀ ਹੈ, ਉੱਥੇ ਹੀ ਦੂਜੀ ਧਿਰ ਨੇ ਪੰਚਾਇਤ ਵਿਭਾਗ ਵਲੋਂ ਜਾਂਚ ਤੋਂ ਬਾਅਦ ਲਏ ਗਏ ਇਸ ਫ਼ੈਸਲੇ ਨੂੰ ਬਿਲਕੁਲ ਜਾਇਜ਼ ਠਹਿਰਾਇਆ ਹੈ | ਬੀਤੇ ਦਿਨੀਂ ਸਰਪੰਚ ਵਲੋਂ ਪਿੰਡ ਦੇ ਕੁੱਝ ਮੁਹਤਬਰ ਵਿਅਕਤੀਆਂ 'ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਮਾਮਲਾ ਹੋਰ ਭਖ ਗਿਆ, ਜਿਸ ਦੇ ਜਵਾਬ ਵਿਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਜਸਵਿੰਦਰ ਸਿੰਘ, ਮਾਸਟਰ ਹਰਦੇਵ ਸਿੰਘ ਹੈਪੀ ਅਤੇ 'ਆਪ' ਦੇ ਯੂਥ ਪ੍ਰਧਾਨ ਪ੍ਰਦੀਪ ਸਿੰਘ ਨੇ ਪ੍ਰਸ਼ਾਸਨਿਕ ਕਾਰਵਾਈ ਦਾ ਸਮਰਥਨ ਕਰਦਿਆਂ ਕਿਹਾ ਕਿ ਪਟਵਾਰੀ ਅਤੇ ਕਾਨੂੰਗੋ ਵਲੋਂ ਬਕਾਇਦਾ ਮਿਣਤੀ ਕੀਤੇ ਜਾਣ ਦੇ ਬਾਵਜੂਦ ਪੰਚਾਇਤ ਨੇ ਸ਼ਾਮਲਾਟ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਨਹੀਂ ਛੁਡਵਾਇਆ ਅਤੇ ਕੁੱਝ ਲੋਕ ਆਪਣੇ ਨਿੱਜੀ ਹਿਤਾਂ ਲਈ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਇਹ ਗੰਭੀਰ ਦੋਸ਼ ਵੀ ਲਗਾਇਆ ਕਿ ਗ੍ਰਾਮ ਪੰਚਾਇਤ ਵਲੋਂ ਵਿਦਿਆਰਥੀਆਂ ਦੇ ਖੇਡ ਮੈਦਾਨ ਦੀ ਤਰਸਯੋਗ ਹਾਲਤ ਵੱਲ ਧਿਆਨ ਦੇਣ ਦੀ ਬਜਾਏ ਛੱਪੜ ਦੀ ਚਾਰਦੀਵਾਰੀ 'ਤੇ ਲੱਖਾਂ ਰੁਪਏ ਬਰਬਾਦ ਕੀਤੇ ਗਏ ਹਨ | ਵਿਰੋਧੀ ਧਿਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਪੈਸੇ ਦੀ ਹੋਈ ਇਸ ਦੁਰਵਰਤੋਂ ਦੀ ਨਿਰਪੱਖ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਅਤੇ ਸ਼ਾਮਲਾਟ ਜ਼ਮੀਨ 'ਤੇ ਕਾਬਜ਼ ਪੰਚਾਂ ਤੇ ਨੰਬਰਦਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਆਗੂਆਂ ਨੇ ਸਰਪੰਚ ਵਲੋਂ ਹਲਕਾ ਵਿਧਾਇਕ 'ਤੇ ਪਿੰਡ ਦੀ ਆਮਦਨ ਵਿਚੋਂ ਹਿੱਸਾ ਪੱਤੀ ਮੰਗਣ ਦੇ ਦੋਸ਼ਾਂ ਨੂੰ ਵੀ ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਪਿੰਡ ਦੀਆਂ ਪੰਚਾਇਤਾਂ ਨਾਲ ਜੁੜੇ ਆ ਰਹੇ, ਇਸ ਤੋਂ ਪਹਿਲਾਂ ਜਾਂ ਹੁਣ ਕਿਸੇ ਵੀ ਲੀਡਰ ਨੇ ਕਦੇ ਵੀ ਕਿਸੇ ਨਵੇਂ ਪੈਸੇ ਦੀ ਮੰਗ ਨਹੀਂ ਕੀਤੀ, ਜਦਕਿ ਸਰਪੰਚ ਪਿੰਡ ਦੇ ਵਿਕਾਸ ਨੂੰ ਨਿਰਪੱਖ ਤੌਰ 'ਤੇ ਕਰਵਾਉਣ ਬਜਾਏ ਆਪ ਹੁਦਰੀਆਂ ਕਰਦੀਆਂ ਆਪਣੇ ਸਮਰਥਕਾਂ ਦੇ ਕੰਮ ਹੀ ਕੀਤੇ ਜਾ ਰਹੇ ਹਨ | ਇਸ ਮੌਕੇ ਪੰਚ ਚਰਨਜੀਤ ਕੌਰ, ਸਤਪਾਲ ਸਿੰਘ ਗਰੇਵਾਲ, ਕਰਨੈਲ ਸਿੰਘ ਪ੍ਰਧਾਨ, ਰੂੜਾ ਰਾਮ ਟੇਲਰ, ਜਸਵਿੰਦਰ ਸਿੰਘ ਗੋਗੀ, ਰੂਪ ਸਿੰਘ ਸਾਬਕਾ, ਮੰਗਤ ਸਿੰਘ ਧਨੇਰ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਢੀਂਡਸਾ, ਕੁਲਬੀਰ ਸਿੰਘ ਢੀਂਡਸਾ, ਸਾਬਕਾ ਸਰਪੰਚ ਵੀਰਪਾਲ ਕੌਰ, ਸੁਖਵਿੰਦਰ ਕੌਰ, ਰਾਜਦੀਪ ਕੌਰ, ਅਮਨਦੀਪ ਕੌਰ, ਹਰਜਿੰਦਰ ਕੌਰ, ਸੁਖਵਿੰਦਰ ਕੌਰ ਹਰਪ੍ਰੀਤ ਕੌਰ, ਚਰਨਜੀਤ ਕੌਰ, ਗੁਰਮੇਲ ਕੌਰ, ਜੀਤ ਕੌਰ, ਕਰਮਜੀਤ ਕੌਰ, ਬਲਬੀਰ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ |