ਬਰਨਾਲਾ, 8 ਜੂਨ (ਰਾਜ ਪਨੇਸਰ)-ਪਾਵਰਕਾਮ ਅੰਦਰ ਕੰਮ ਕਰਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੂਬਾ ਕਮੇਟੀਆਂ ਦੇ ਸੱਦੇ 'ਤੇ ਅੱਜ ਸਮੂਹ ਜਥੇਬੰਦੀਆਂ ਵਲੋਂ 66 ਕੇ.ਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਕਨਵੀਨਰ ਗੁਰਲਾਭ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਮੁਲਾਜ਼ਮਾਂ ਵਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਉਪਰ ਪੰਜਾਬ ਸਰਕਾਰ ਤੇ ਪਾਵਰਕਾਮ ਮਨੈਜਮੈਂਟ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਵਲੋਂ ਅੰਨ੍ਹੇਵਾਹ ਤਸ਼ੱਦਦ ਕਰਨ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਇੰਜ. ਰਾਜੇਸ਼ ਕੁਮਾਰ ਬੰਟੀ, ਇੰਜ. ਗੁਰਲਾਭ ਸਿੰਘ, ਜਗਤਾਰ ਸਿੰਘ ਖੇੜੀ, ਸਤਿੰਦਰਪਾਲ ਸਿੰਘ ਜੱਸੜ, ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪਾਵਰਕਾਮ ਮਨੈਜਮੈਂਟ ਬੇਰੁਜ਼ਗਾਰ ਲਾਈਨਮੈਨਾਂ ਨਾਲ ਰੁਜ਼ਗਾਰ ਦਾ ਲਿਖਤੀ ਵਾਅਦਾ ਕਰ ਕੇ ਟਾਲਮਟੋਲ ਕਰ ਰਹੀ ਹੈ | ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਆਉਣ ਵਾਲੇ ਦਿਨਾਂ ਵਿਚ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਸਾਂਝਾ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਪਾਵਰਕਾਮ ਅੰਦਰ ਵੱਡੀ ਪੱਧਰ 'ਤੇ ਮੁਲਾਜ਼ਮਾਂ ਦੀ ਘਾਟ ਹੈ, ਬਿਜਲੀ ਮੁਲਾਜ਼ਮਾਂ 'ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ | ਇਨ੍ਹਾਂ ਬੇਰੁਜ਼ਗਾਰਾਂ ਨੂੰ ਖ਼ਾਲੀ ਅਸਾਮੀਆਂ ਵਿਰੁੱਧ ਪੱਕੇ ਤੌਰ 'ਤੇ ਭਰਤੀ ਕੀਤਾ ਜਾਵੇ ਅਤੇ ਜੇਕਰ 10 ਜੂਨ ਦੀ ਪਾਵਰਕਾਮ ਦੀ ਮੈਨੇਜਮੈਂਟ ਨਾਲ ਮੀਟਿੰਗ ਵਿਚ ਕੋਈ ਸਹਿਮਤੀ ਨਹੀਂ ਬਣੀ ਤਾਂ ਸਮੂਹ ਮੁਲਾਜ਼ਮਾਂ ਨੂੰ 14 ਜੂਨ ਦੀ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਅਤੇ 16 ਤੇ 17 ਜੂਨ 2026 ਦੀ ਹੜਤਾਲ ਨੂੰ ਸਫਲ ਬਣਾਉਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਇੰਜ. ਕੁਲਵੀਰ ਸਿੰਘ ਅÏਲਖ, ਕਮਲਜੀਤ ਸਿੰਘ ਝਲੂਰ, ਸੁਰਿੰਦਰ ਸਿੰਘ, ਗੌਰਵ ਕੁਮਾਰ, ਇੰਜ. ਹਰਭੋਲ ਸਿੰਘ, ਇੰਜ. ਪਿ੍ਕਿਸ਼ਤ ਸਿੰਗਲਾ, ਇੰਜ ਰਣਜੀਤ ਚੀਮਾ, ਇੰਜ. ਕਿਰਤੀ, ਰਾਜਿੰਦਰ ਕੁਮਾਰ, ਰਣਜੋਧ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |