09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਆਈ.ਓ.ਐਲ. ਕੈਮੀਕਲ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਵਿਖੇ ਅਚਾਨਕ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 11-06-2026
ਰੂੜੇਕੇ ਕਲਾਂ, 10 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਆਈ.ਓ.ਐਲ. ਕੈਮੀਕਲ ਫ਼ੈਕਟਰੀ ਵਿਖੇ ਇਕ ਯੂਨਿਟ ਵਿਚ ਅਚਾਨਕ ਧਮਾਕੇ ਕਾਰਨ ਫ਼ੈਕਟਰੀ ਵਿਖੇ ਹਫ਼ੜਾ ਦਫ਼ੜੀ ਮਚ ਗਈ | ਫ਼ੈਕਟਰੀ ਪ੍ਰਬੰਧਕਾਂ ਤੇ ਕਾਮਿਆਂ ਦੀ ਸੂਝਬੂਝ ਤੇ ਮੌਕੇ 'ਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ | ਧਮਾਕੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅਤੇ ਫ਼ੈਕਟਰੀ ਦੇ ਮੁੱਖ ਅਧਿਕਾਰੀ ਬਸੰਤ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਿ ਬੀਤੀ ਰਾਤ ਫ਼ੈਕਟਰੀ ਦੇ ਯੂਨਿਟ ਨੰਬਰ 9 ਵਿਚ ਤਿੰਨ ਮਜ਼ਦੂਰ ਆਪਣਾ ਕੰਮ ਕਾਰ ਕਰ ਰਹੇ ਸਨ | ਮੈਨੋਕਸੀ ਦਵਾਈ ਬਣਾਉਣ ਲਈ ਵਰਤੇ ਜਾਂਦੇ ਇਕ ਵੱਡੇ ਟੈਂਕ ਦਾ ਤਾਪਮਾਨ ਅਚਾਨਕ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ | ਟੈਂਕ ਦੇ ਫਟਣ ਤੋਂ ਪਹਿਲਾ ਹੀ ਹਾਜ਼ਰ ਕਾਮਿਆਂ ਨੂੰ ਟੈਂਕ ਦੇ ਅਚਾਨਕ ਵੱਧ ਰਹੇ ਤਾਪਮਾਨ ਸਬੰਧੀ ਪਤਾ ਲੱਗ ਗਿਆ | ਜਿਸ ਕਰ ਕੇ ਕਾਮੇ ਤੁਰੰਤ ਬਾਹਰ ਭੱਜ ਗਏ ਅਤੇ ਫ਼ੈਕਟਰੀ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ | ਟੈਂਕ ਦੇ ਫੱਟਣ ਨਾਲ ਇਕ ਵੱਡਾ ਧਮਾਕਾ ਹੋਇਆ | ਜਿਸ ਕਰ ਕੇ ਪੂਰੀ ਫ਼ੈਕਟਰੀ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ | ਯੂਨਿਟ ਵਿਚ ਕੰਮ ਕਰਦੇ ਕਾਮਿਆਂ ਵਲੋਂ ਵਰਤੀ ਗਈ ਚੁਸਤੀ ਅਤੇ ਫ਼ੈਕਟਰੀ ਪ੍ਰਬੰਧਕਾਂ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਤੇ ਬਚਾਓ ਕਾਰਜਾਂ ਕਾਰਨ ਵੱਡੀ ਦੁਰਘਟਨਾ ਅਤੇ ਮਨੁੱਖੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ | ਫ਼ੈਕਟਰੀ ਪ੍ਰਬੰਧਕਾਂ ਅਨੁਸਾਰ ਫ਼ੈਕਟਰੀ ਦੇ ਸੁਰੱਖਿਆ ਉਪਕਰਨਾਂ ਨੂੰ ਸਮੇਂ ਸਿਰ ਸੰਚਾਲਨ ਕਾਰਨ ਵਿੱਤੀ ਨੁਕਸਾਨ ਵੀ ਸੀਮਤ ਹੀ ਰਿਹਾ | ਜ਼ਿਲ੍ਹੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਤੁਰੰਤ ਘਟਨਾ ਸਥਾਨ ਦਾ ਦੌਰਾ ਕਰਕੇ ਘਟਨਾ ਸਬੰਧੀ ਨਿਰੀਖਣ ਕੀਤਾ ਅਤੇ ਫ਼ੈਕਟਰੀ ਪ੍ਰਬੰਧਕਾਂ ਵਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਫ਼ੈਕਟਰੀ ਵਿਖੇ ਧਮਾਕਾ ਹੋਣ ਦੀ ਸੂਚਨਾ ਮਿਲਦੇ ਹੀ ਆਫ਼ਤ ਪ੍ਰਬੰਧਨ ਅਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਤੇ ਫ਼ੈਕਟਰੀ ਦੇ ਸੁਰੱਖਿਆ ਦਸਤੇ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਸਿਰਫ਼ 14 ਮਿੰਟਾਂ ਵਿਚ ਅੱਗ 'ਤੇ ਕਾਬੂ ਪਾ ਲਿਆ ਤੇ ਕਿਸੇ ਵੱਡੀ ਦੁਰਘਟਨਾ ਵਾਪਰਨ ਤੋਂ ਬਚਾਅ ਕਰ ਲਿਆ | ਕਿਸੇ ਵੀ ਪ੍ਰਕਾਰ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ | ਮੌਕੇ 'ਤੇ ਸਥਿਤੀ ਸੁਰੱਖਿਅਤ ਰਹੀ | ਫ਼ੈਕਟਰੀ ਦੇ ਅਧਿਕਾਰੀ ਬਸੰਤ ਸਿੰਘ ਨੇ ਦੱਸਿਆ ਕਿ ਉਦਯੋਗ ਪ੍ਰਬੰਧਕਾਂ ਵਲੋਂ ਕਾਮਿਆਂ ਅਤੇ ਉਦਯੋਗ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਸਮੇਂ-ਸਮੇਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਂਦੀ ਹੈ | ਅਚਾਨਕ ਵਧੇ ਤਾਪਮਾਨ ਕਰ ਕੇ ਇਹ ਘਟਨਾ ਕੁਦਰਤੀ ਵਾਪਰ ਗਈ ਹੈ | ਕਾਮਿਆਂ ਤੇ ਇਲਾਕਾ ਨਿਵਾਸੀਆਂ ਦੀ ਸਿਹਤ ਸੁਰੱਖਿਆ ਲਈ ਉਦਯੋਗ ਪ੍ਰਬੰਧਕ ਹਮੇਸ਼ਾ ਦੀ ਯਤਨਸ਼ੀਲ ਰਹਿੰਦੇ ਹਨ ਕਿ ਕੋਈ ਮਾੜੀ ਦੁਰਘਟਨਾ ਨਾ ਵਾਪਰੇ |

Ad Position 22
No active advertisement
ਪਿਛਲੀ ਖ਼ਬਰ ਪੱਖੋਕੇ ਦੀ ਪੰਚਾਇਤ ਵਲੋਂ ਕੁਝ ਵਿਅਕਤੀਆਂ 'ਤੇ ਵਿਕਾਸ ਕਾਰਜਾਂ 'ਚ ਅੜਿੱਕੇ ਡਾਹੁਣ ਦੇ ਦੋਸ਼ ਅਗਲੀ ਖ਼ਬਰ ਬਰਨਾਲਾ ਦੀਆਂ ਵੱਖ-ਵੱਖ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ
Ad Position 24