ਬਰਨਾਲਾ, 15 ਜੂਨ (ਗੁਰਪ੍ਰੀਤ ਸਿੰਘ ਲਾਡੀ)- ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ. ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਡਾ: ਰਵੀ ਸ਼ੇਰਗਿੱਲ ਦੁਆਰਾ ਸੰਪਾਦਿਤ ਬਰਨਾਲਾ ਇਲਾਕੇ ਦੇ ਲੇਖਕਾਂ ਦੀਆਂ ਕਹਾਣੀਆਂ ਦੀ ਪੁਸਤਕ 'ਚੱਲ ਚੱਲੀਏ ਬਰਨਾਲੇ', ਰਾਮ ਸਰੂਪ ਸ਼ਰਮਾ ਦੇ ਕਾਵਿ ਕਥਨ 'ਰਮਜ਼ਾਂ' ਅਤੇ ਤੇਜਿੰਦਰ ਚੰਡਿਹੋਕ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ 'ਸੁੰਨੇ ਰਾਹਾਂ ਦੀ ਪੈੜ' ਦਾ ਲੋਕ ਅਰਪਣ ਕੀਤਾ ਗਿਆ | ਰਾਮ ਸਰੂਪ ਸ਼ਰਮਾ ਦੇ ਕਾਵਿ ਕਥਨ ਬਾਰੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਵਿਦਵਾਨਾਂ ਦੇ ਵਾਰਤਕ ਵਿਚ ਲਿਖੇ ਕਥਨਾਂ ਨੂੰ ਆਧਾਰ ਬਣਾ ਕੇ ਕਾਵਿ-ਰੂਪ ਵਿਚ ਪੇਸ਼ ਕਰਨਾ ਆਪਣੇ ਆਪ ਵਿਚ ਵਿਲੱਖਣ ਅਤੇ ਪਹਿਲ ਕਦਮੀ ਹੈ | ਵਾਰਤਕ ਨੂੰ ਯਾਦ ਰੱਖਣਾ ਅÏਖਾ ਹੈ, ਜਦੋਂਕਿ ਉਸੇ ਗੱਲ ਨੂੰ ਕਾਵਿ-ਰੂਪ ਵਿਚ ਲੰਮੇ ਸਮੇਂ ਤੱਕ ਯਾਦ ਰੱਖਿਆ ਜਾ ਸਕਦਾ ਹੈ | ਡਾ: ਰਵੀ ਸ਼ੇਰਗਿੱਲ ਦੁਆਰਾ ਸੰਪਾਦਿਤ ਪੁਸਤਕ 'ਚੱਲ ਬਰਨਾਲੇ ਚੱਲੀਏ' ਬਾਰੇ ਵਿਚਾਰ ਪੇਸ਼ ਕਰਦਿਆਂ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬਰਨਾਲਾ ਇਲਾਕੇ ਦੀ ਕਹਾਣੀ ਕਲਾ ਨੂੰ ਇਕੱਠਿਆਂ ਕਰ ਕੇ ਡਾ: ਰਵੀ ਸ਼ੇਰਗਿੱਲ ਨੇ ਤਸੱਲੀਬਖ਼ਸ਼ ਕੰਮ ਕੀਤਾ ਹੈ | ਅਜਿਹਾ ਕਾਰਜ ਹਰ ਜ਼ਿਲ੍ਹੇ ਦੀਆਂ ਸਾਹਿਤ ਸਭਾਵਾਂ ਵਲੋਂ ਕਰਨਾ ਚਾਹੀਦਾ ਹੈ ਤਾਂ ਕਿ ਉਸ ਇਲਾਕੇ ਦੇ ਲੇਖਕਾਂ ਦੀਆਂ ਲਿਖਤਾਂ ਨੂੰ ਇਕ ਜਿਲਦ ਵਿਚ ਸਾਂਭਿਆ ਜਾ ਸਕੇ | ਕਹਾਣੀ ਸੰਗ੍ਰਹਿ 'ਸੁੰਨੇ ਰਾਹਾਂ ਦੀ ਪੈੜ' ਬਾਰੇ ਵਿਚਾਰ ਪੇਸ਼ ਕਰਦਿਆਂ ਡਾ: ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਇਹ ਕਹਾਣੀ ਸੰਗ੍ਰਹਿ ਇਕੱਲਤਾ ਦਾ ਸੰਤਾਪ ਭੋਗਦੇ ਪਾਤਰਾਂ ਦੇ ਜੀਵਨ ਦਾ ਵਿਖਿਆਨ ਹੈ | ਕਹਾਣੀਕਾਰ ਪਰਮਜੀਤ ਮਾਨ, ਤੇਜਾ ਸਿੰਘ ਤਿਲਕ, ਕਹਾਣੀਕਾਰ ਪਵਨ ਪਰਿੰਦਾ ਨਾਵਲਕਾਰ ਦਰਸ਼ਨ ਸਿੰਘ ਗੁਰੂ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਜਗਤਾਰ ਜਜ਼ੀਰਾ, ਹਾਕਮ ਸਿੰਘ ਰੂੜੇਕੇ ਅਤੇ ਹਰਭਜਨ ਸਿੰਘ ਭੋਤਨਾ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਪਰੰਤ ਹੋਏ ਕਵੀ ਦਰਬਾਰ ਵਿਚ ਇਕਬਾਲ ਕੌਰ ਉਦਾਸੀ, ਰਜਨੀਸ਼ ਕੌਰ ਬਬਲੀ, ਬੀਰਪਾਲ ਕੌਰ ਹੰਡਿਆਇਆ, ਜਤਿੰਦਰ ਸਿੰਘ ਉਪਲੀ, ਪਿ੍ੰ: ਕੌਰ ਸਿੰਘ ਧਨੌਲਾ, ਰਾਜਿੰਦਰ ਸ਼ੌਂਕੀ, ਅਜਮੇਰ ਸਿੰਘ ਅਕਲੀਆ, ਸ਼ਿੰਦਰ ਧੌਲਾ, ਸੁਖਦੇਵ ਸਿੰਘ ਅÏਲਖ, ਰਾਮ ਸਿੰਘ ਬੀਹਲਾ, ਕਰਮਜੀਤ ਜੱਗੀ ਭੋਤਨਾ, ਅਰਮਾਨ ਭੋਤਨਾ, ਕੁਲਵੰਤ ਸਿੰਘ ਧਿੰਗੜ, ਸਰੂਪ ਚੰਦ ਹਰੀਗੜ੍ਹ, ਰਘਵੀਰ ਸਿੰਘ ਗਿੱਲ ਕੱਟੂ, ਐਸ.ਪੀ. ਕਾਲੇਕੇ, ਰੂਪ ਸਿੰਘ ਧੌਲਾ, ਡਾ. ਉਜਾਗਰ ਸਿੰਘ ਮਾਨ, ਬਲਦੇਵ ਸਿੰਘ ਭੋਤਨਾ, ਜਗਸੀਰ ਸਿੰਘ ਮੂਲੋਵਾਲ, ਸੁਖਵਿੰਦਰ ਸਿੰਘ ਮੂਲੋਵਾਲ, ਗੁਰਤੇਜ ਸਿੰਘ ਮੱਖਣ, ਚਰਨੀ ਬੇਦਿਲ, ਜਗਰਾਜ ਚੰਦ ਰਾਏਸਰ, ਹਰਬੰਸ ਸਿੰਘ ਅਤੇ ਗੁਰਜੀਤ ਸਿੰਘ ਖੁੱਡੀ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ |