ਤਪਾ ਮੰਡੀ, 20 ਜੂਨ (ਪ੍ਰਵੀਨ ਗਰਗ)- ਨਗਰ ਕੌਂਸਲ ਤਪਾ ਦੀ ਵੱਡੀ ਲਾਪਰਵਾਹੀ ਦੇ ਚਲਦਿਆਂ ਸ਼ਹਿਰ ਅੰਦਰ ਸਟਰੀਟ ਲਾਈਟਾਂ ਨੂੰ ਲਗਭਗ ਗ੍ਰਹਿਣ ਹੀ ਲੱਗ ਚੁੱਕਿਆ ਹੈ। ਕਿਉਂਕਿ ਲਾਈਟਾਂ ਨਾ ਚੱਲਣ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੋਗਣਾ ਪੈ ਰਿਹਾ ਹੈ, ਜਿਸ ਤੋਂ ਦੁਖੀ ਹੋ ਕੇ ਇਕੱਠੇ ਹੋਏ ਲੋਕਾਂ ਨੇ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਦਿਆਂ ਬਲਵੰਤ ਸਰੋਏ, ਪ੍ਰਗਟ ਸਿੰਘ, ਮੋਨੂੰ, ਜਗਤਾਰ ਸਿੰਘ, ਕਾਲੂ ਰਾਮ ਆਦਿ ਹੋਰ ਪਤਵੰਤਿਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਲਗਭਗ ਪਿਛਲੇ ਇਕ ਮਹੀਨੇ ਤੋਂ ਤਪਾ ਤੇ ਸ਼ਾਂਤੀ ਹਾਲ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਤੱਕ ਅਤੇ ਹੋਰ ਵੱਖ-ਵੱਖ ਵਾਰਡਾਂ, ਬਾਜ਼ਾਰਾਂ ਵਿਚ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਸ਼ਹਿਰ ਅੰਦਰ ਹਨੇਰਾ ਛਾਇਆ ਰਹਿੰਦਾ ਹੈ। ਜਿਸ ਦਾ ਫ਼ਾਇਦਾ ਉਠਾਉਂਦੇ ਹੋਏ ਸਮਾਜ ਵਿਰੋਧੀ ਅਨਸਰ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ । ਉਨ੍ਹਾਂ ਕਿਹਾ ਕਿ ਉਹ ਕਈ ਵਾਰੀ ਨਗਰ ਕੌਂਸਲ ਦੇ ਸੰਬੰਧਿਤ ਕਰਮਚਾਰੀਆਂ ਨੂੰ ਇਸ ਸਮੱਸਿਆ ਸਬੰਧੀ ਜਾਣੂ ਵੀ ਕਰਵਾ ਚੁੱਕੇ ਹਨ, ਪ੍ਰੰਤੂ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਨ੍ਹਾਂ ਲਾਪਰਵਾਹ ਕਰਮਚਾਰੀਆਂ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਜਦਕਿ ਲਾਈਟਾਂ ਬੰਦ ਰਹਿਣ ਕਾਰਨ ਨਾਮਦੇਵ ਮਾਰਗ ‘ਤੇ ਸਥਿਤ ਦੁਕਾਨਦਾਰਾਂ ਅਤੇ ਲੋਕਾਂ ਦੇ ਮਨਾਂ ‘ਚ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਲੈ ਕੇ ਹਮੇਸ਼ਾ ਡਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵਾਰਡਾਂ ਅਤੇ ਬਾਜ਼ਾਰਾਂ ਵਿਚ ਵੀ ਲਾਈਟਾਂ ਨਾ ਚੱਲਣ ਦੀ ਵੱਡੀ ਸਮੱਸਿਆ ਆ ਰਹੀ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਲਾਈਟਾਂ ਨਾ ਚੱਲਣ ਦੀ ਸੂਰਤ ਦੌਰਾਨ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਨਗਰ ਕੌਂਸਲ ਹੋਵੇਗੀ ਅਤੇ ਉਹ ਕਰੜਾ ਰੁਖ ਅਪਣਾਉਣ ਲਈ ਮਜਬੂਰ ਹੋਣਗੇ। ਜਦ ਇਸ ਸਬੰਧੀ ਨਗਰ ਕੌਂਸਲ ਦੇ ਸਬੰਧਿਤ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬੰਦ ਪਈਆਂ ਲਾਈਟਾਂ ਨੂੰ ਜਲਦ ਹੀ ਚਾਲੂ ਕਰਵਾ ਦੇਣਗੇ।