ਬਰਨਾਲਾ, 21 ਜੂਨ (ਅਸ਼ੋਕ ਭਾਰਤੀ)-ਪੰਜਾਬ ਵਿਮੁਕਤ ਕਬੀਲੇ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਜਥੇਬੰਦੀ ਦੇ ਮੁੱਖ ਬੁਲਾਰੇ ਬੂਟਾ ਰਾਮ ਧਨੌਲਾ (ਸੂਬਾ ਕਨਵੀਨਰ) ਨੇ ਕਿਹਾ ਕਿ ਪੰਜਾਬ ਦੇ ਵਿਮੁਕਤ ਕਬੀਲੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਅਤੇ ਸੰਵਿਧਾਨਕ ਪਛਾਣ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰਾਂ ਵਲੋਂ ਲਗਾਤਾਰ ਬੇਰੁਖੀ ਦਿਖਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਹਕੂਮਤ ਦੌਰਾਨ ਇਨ੍ਹਾਂ ਕਬੀਲਿਆਂ ਨੂੰ ਬਦਨਾਮ ‘ਕ੍ਰਿਮੀਨਲ ਟਰਾਈਬਜ਼ ਐਕਟ, 1871’ ਤਹਿਤ ਜਨਮਜਾਤ ਅਪਰਾਧੀ ਐਲਾਨ ਕੇ ਅਸਹਿ ਜ਼ੁਲਮ ਕੀਤੇ ਗਏ ਸਨ। ਆਜ਼ਾਦੀ ਤੋਂ ਬਾਅਦ ਭਾਵੇਂ ਇਨ੍ਹਾਂ ਨੂੰ ਮੁਕਤੀ (ਵਿਮੁਕਤ) ਮਿਲ ਗਈ, ਪਰ ਸਮਾਜਿਕ, ਆਰਥਿਕ ਅਤੇ ਵਿੱਦਿਅਕ ਪੱਛੜੇਪਣ ਕਾਰਨ ਇਨ੍ਹਾਂ ਦੀ ਹਾਲਤ ਅੱਜ ਵੀ ਚਿੰਤਾਜਨਕ ਹੈ। ਕੇਂਦਰ ਸਰਕਾਰ ਵਲੋਂ ਗਠਿਤ ਕੀਤੇ ਗਏ ਕੌਮੀ ਰੇਣਕੇ ਅਤੇ ਇਦਾਤੇ ਕਮਿਸ਼ਨ ਦੀਆਂ ਰਿਪੋਰਟਾਂ ਦੀਆਂ ਸਿਫ਼ਾਰਸ਼ਾਂ ਨੂੰ ਦੇਸ਼ ਭਰ ਵਿਚ ਅਤੇ ਖ਼ਾਸ ਕਰ ਕੇ ਪੰਜਾਬ ਵਿਚ ਲਾਗੂ ਕੀਤਾ ਜਾਵੇ ਤਾਂ ਜੋ ਇਨ੍ਹਾਂ ਕਬੀਲਿਆਂ ਦੇ ਮੁੜ-ਵਸੇਬੇ ਲਈ ਵਿਸ਼ੇਸ਼ ਬਜਟ ਜਾਰੀ ਹੋ ਸਕੇ। ਵਿਮੁਕਤ ਕਬੀਲਿਆਂ ਨੂੰ ਤੁਰੰਤ ਅਨੁਸੂਚਿਤ ਜਨਜਾਤੀ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ। ਮੀਟਿੰਗ ਦੇ ਅਗਲੇ ਪੜਾਅ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰੀ ਜਥੇਬੰਦੀ ਦੀ ਚੋਣ ਕੀਤੀ ਗਈ। ਜਿਸ ਵਿਚ ਬਲਦੇਵ ਸਿੰਘ ਤਪਾ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ, ਸੰਜੀਵ ਲਾਲਕਾ ਭਵਾਨੀਗੜ੍ਹ ਜ਼ਿਲ੍ਹਾ ਪ੍ਰਧਾਨ ਸੰਗਰੂਰ, ਸੁਰਜੀਤ ਸਿੰਘ ਭਗਤਪੁਰਾ ਬਲਾਕ ਪ੍ਰਧਾਨ ਸ਼ਹਿਣਾ, ਦੁੱਲਾ ਪੂਰੀ ਬਰਨਾਲਾ ਬਲਾਕ ਪ੍ਰਧਾਨ ਬਰਨਾਲਾ, ਧਿਆਨ ਚੰਦ ਟੱਲੇਵਾਲ ਬਲਾਕ ਪ੍ਰਧਾਨ ਮਹਿਲ ਕਲਾਂ, ਸੇਵਕ ਸਿੰਘ ਧਰਮਸੌਤ ਖ਼ਜ਼ਾਨਚੀ, ਜਗਤਾਰ ਸਿੰਘ ਬਡਬਰ ਵਾਈਸ ਪ੍ਰਧਾਨ ਚੁਣੇ ਗਏ। ਇਸ ਮੌਕੇ ਨਰੈਣ ਰਾਮ ਤਪਾ, ਮੋਹਨ ਰਾਮ ਅਮਰਦਾਸ ਹੰਡਿਆਇਆ, ਤਰਸੇਮ ਰਾਮ, ਆਸਾ ਪੁਰੀ, ਰੋਲੂ ਪੂਰੀ, ਬਿੰਦਰ ਰਾਮ ਅਤੇ ਸੁਖਦੇਵ ਰਾਮ ਸਮੇਤ ਵੱਡੀ ਗਿਣਤੀ ਵਿਚ ਵਿਮੁਕਤ ਕਬੀਲਿਆਂ ਦੇ ਪ੍ਰਮੁੱਖ ਆਗੂ ਅਤੇ ਵਰਕਰ ਹਾਜ਼ਰ ਸਨ।
ਪੰਜਾਬ ਵਿਮੁਕਤ ਕਬੀਲੇ ਐਸੋਸੀਏਸ਼ਨ ਦੀ ਸੂਬਾਈ ਪੱਧਰੀ ਮੀਟਿੰਗ
ਅਜੀਤ ਡੈਸਕ
22-06-2026