ਬਰਨਾਲਾ, 14 ਜੁਲਾਈ (ਅਸ਼ੋਕ ਭਾਰਤੀ)-ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ:24), ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਸੱਦੇ ’ਤੇ ਸਾਂਝੀ ਸਰਕਲ ਕਮੇਟੀ ਬਰਨਾਲਾ ਦੇ ਸਮੂਹ ਮੁਲਾਜ਼ਮਾਂ ਵਲੋਂ ਕੁਲਵੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ 66 ਕੇ.ਵੀ ਗਰਿੱਡ ਬਰਨਾਲਾ ਵਿਖੇ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਜਲੂਰ, ਕੁਲਵੰਤ ਸਿੰਘ ਢਿੱਲਵਾਂ, ਇੰਜ: ਚਮਕੌਰ ਸਿੰਘ, ਗੁਰਬਿੰਦਰ ਸਿੰਘ, ਜਗਤਾਰ ਸਿੰਘ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਚੱਲ ਰਹੇ ਸੰਘਰਸ਼ ਸਬੰਧੀ ਵਿਸਥਾਰ ਸਾਹਿਤ ਵਿਚਾਰ ਚਰਚਾ ਕੀਤੀ ਗਈ। ਸੂਬਾ ਕਮੇਟੀ ਵਲੋਂ ਦਿੱਤੇ ਸੰਘਰਸ਼ ਵਰਕ ਟੂ ਰੂਲ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਾਰੇ ਸਾਥੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹੋਏ ਆਉਣ ਵਾਲੇ ਸੰਘਰਸ਼ਾਂ ਨੂੰ ਲਾਗੂ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ। ਸਾਥੀ ਸਤਿੰਦਰਪਾਲ ਸਿੰਘ ਜੱਸੜ, ਇੰਜ: ਰਣਜੀਤ ਕੁਮਾਰ, ਇੰਜ: ਰਾਜੇਸ਼ ਕੁਮਾਰ ਜੇ.ਈ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਬਜਾਏ, ਜੋ ਕੁੱਝ ਪਹਿਲਾਂ ਲੰਬੇ ਅਤੇ ਸਿਰੜੀ ਸੰਘਰਸ਼ਾਂ ਦੀ ਬਦੌਲਤ ਮਿਲ ਰਿਹਾ ਹੈ ਉਸ ਨੂੰ ਖੋਹਣ ਲਈ ਤਿਆਰ ਬੈਠੀ ਹੈ। ਬਿਜਲੀ ਮੁਲਾਜ਼ਮ ਪਾਵਰਕਾਮ ਦੀ ਮੈਨੇਜਮੈਂਟ ਦੇ ਅਜਿਹੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦਾ ਸੰਘਰਸ਼ ਰਾਹੀਂ ਮੂੰਹ ਤੋੜਵਾਂ ਜਵਾਬ ਦੇਣਗੇ। ਸੰਘਰਸ਼ ਦੇ ਅਗਲੇ ਪੜਾਅ ਤਹਿਤ 21 ਅਤੇ 22 ਜੁਲਾਈ ਨੂੰ ਸਮੂਹ ਬਿਜਲੀ ਕਾਮੇ ਦੋ ਰੋਜ਼ਾ ਸਮੂਹਿਕ ਛੁੱਟੀ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਂਟ ਵਿਰੁੱਧ ਸਰਕਲ ਪੱਧਰੀ ਧਰਨੇ ਲਾਉਣਗੇ ਅਤੇ 7 ਅਗਸਤ ਨੂੰ ਚੰਡੀਗੜ੍ਹ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਇਕਬਾਲ ਖਾਂ, ਜਸਵਿੰਦਰ ਸਿੰਘ ਬਰਨਾਲਾ, ਕੁਲਵਿੰਦਰ ਸਿੰਘ ਠੀਕਰੀਵਾਲਾ, ਕਮਲਪ੍ਰੀਤ ਕੌਰ, ਜੋਗਿੰਦਰ ਪਾਲ ਕੌਰ, ਰਮਨਪ੍ਰੀਤ ਕੌਰ, ਰਾਜ ਸਿੰਘ ਧਨੌਲਾ, ਇੰਜ: ਦਲਜੀਤ ਸਿੰਘ ਜੇ.ਈ, ਮਨਦੀਪ ਸਿੰਘ, ਕੁਲਵੀਰ ਸਿੰਘ ਔਲਖ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕਰਨ ਦੇ ਨਾਲ-ਨਾਲ, ਸੰਘਰਸ਼ ਕਰ ਰਹੇ ਪਾਵਰਕਾਮ ਐਂਡ ਟਰਾਂਸਕੋ ਆਊਟਸੋਰਸਿੰਗ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਇਨ੍ਹਾਂ ਕਾਮਿਆਂ ਨੂੰ ਠੇਕੇਦਾਰੀ ਸਿਸਟਮ ਤੋਂ ਪਾਵਰਕਾਮ ਵਿਚ ਸਿੱਧਾ ਭਰਤੀ ਕੀਤਾ ਜਾਵੇ।
ਸਮੂਹ ਬਿਜਲੀ ਮੁਲਾਜ਼ਮਾਂ ਨੇ 66 ਕੇ.ਵੀ. ਗਰਿੱਡ ਬਰਨਾਲਾ ਵਿਖੇ ਕੀਤੀ ਗੇਟ ਰੈਲੀ
ਅਜੀਤ ਡੈਸਕ
15-07-2026