ਬਰਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਪਿਛਲੇ 13 ਸਾਲਾਂ ਤੋਂ ਸ਼ਹਿਰ ਦੇ ਅੰਦਰੂਨੀ ‘ਪਾਸ਼’ ਖੇਤਰਾਂ ਅਤੇ ਬਾਹਰਲੇ ਪੱਛੜੇ ਖੇਤਰਾਂ ਵਿਚ ਇੱਕੋ ਬਰਾਬਰ ਲਏ ਜਾ ਰਹੇ ਪ੍ਰਾਪਰਟੀ ਟੈਕਸ ਦਾ ਗੰਭੀਰ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੌਂਸਲਰ ਸ੍ਰੀਮਤੀ ਊਸ਼ਾ ਰਾਣੀ ਦੇ ਪੁੱਤਰ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਨਗਰ ਨਿਗਮ ਬਰਨਾਲਾ ਦੀ ਹੋਣ ਜਾ ਰਹੀ ਪਹਿਲੀ ਹੀ ਮੀਟਿੰਗ ਵਿਚ ਸਮੂਹ ਕੌਂਸਲਰਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਜਨਤਕ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਜਾਣਾ ਚਾਹੀਦਾ ਹੈ। ਸ੍ਰੀ ਲੋਟਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨਾਂ ਅਨੁਸਾਰ ਸ਼ਹਿਰ ਬਰਨਾਲਾ ਨੂੰ ਪ੍ਰਾਪਰਟੀ ਟੈਕਸ ਦੇ ਲਿਹਾਜ਼ ਨਾਲ ‘ਏ’ ਅਤੇ ‘ਬੀ’ ਕੈਟਾਗਰੀ ਵਿਚ ਵੰਡਿਆ ਜਾਣਾ ਚਾਹੀਦਾ ਸੀ। ‘ਏ’ ਕੈਟਾਗਰੀ ਵਿਚ ਸ਼ਹਿਰ ਦੇ ਅੰਦਰੂਨੀ ਵਪਾਰਕ ਖੇਤਰ ਜਿਵੇਂਕਿ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਸ਼ਹਿਰ ਦੀਆਂ ਪਾਸ਼ ਕਾਲੋਨੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਸਨ। ਜਦਕਿ ‘ਬੀ’ ਕੈਟਾਗਰੀ ਵਿਚ ਸ਼ਹਿਰ ਦੇ ਬਾਹਰਲੇ ਅਤੇ ਘੱਟ ਵਿਕਸਿਤ ਖੇਤਰਾਂ ਨੂੰ ਸ਼ਾਮਲ ਕੀਤਾ ਜਾਣਾ ਸੀ, ਤਾਂ ਜੋ ਉੱਥੋਂ ਦੇ ਨਿਵਾਸੀਆਂ ’ਤੇ ਆਰਥਿਕ ਬੋਝ ਘੱਟ ਪਵੇ। ਇਸ ਕੈਟਾਗਰੀ ਵਿਚ ‘ਪਾਸ਼’ ਖੇਤਰ ਨਾਲੋਂ 40 ਫ਼ੀਸਦੀ ਪ੍ਰਾਪਰਟੀ ਟੈਕਸ ਘੱਟ ਹੋਣਾ ਚਾਹੀਦਾ ਹੈ। ਸ੍ਰੀ ਲੋਟਾ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਬਰਨਾਲਾ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਿਛਲੇ 13 ਸਾਲਾਂ ਤੋਂ ਸਮੁੱਚੇ ਸ਼ਹਿਰ ਵਾਸੀਆਂ ਤੋਂ ਇੱਕੋ ਕੈਟਾਗਰੀ (ਬਰਾਬਰ ਦਰ) ਅਨੁਸਾਰ ਪ੍ਰਾਪਰਟੀ ਟੈਕਸ ਵਸੂਲਿਆ ਜਾ ਰਿਹਾ ਹੈ, ਜੋ ਕਿ ਬਾਹਰਲੇ ਖੇਤਰਾਂ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਅਤੇ ਬੇਇਨਸਾਫ਼ੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿਛਲੇ 13 ਸਾਲਾਂ ਦੌਰਾਨ ਸ਼ਹਿਰ ਵਾਸੀਆਂ ਤੋਂ ਨਜਾਇਜ਼ ਤੌਰ ’ਤੇ ਵਸੂਲਿਆ ਗਿਆ ਵੱਧ ਪ੍ਰਾਪਰਟੀ ਟੈਕਸ ਤੁਰੰਤ ਜਨਤਾ ਨੂੰ ਵਾਪਸ ਕੀਤਾ ਜਾਵੇ। ਉਨ੍ਹਾਂ ਸ਼ਹਿਰ ਦੇ ਸਮੂਹ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਨਤਾ ਦੇ ਨੁਮਾਇੰਦੇ ਹੋਣ ਦਾ ਫ਼ਰਜ਼ ਨਿਭਾਉਣ ਅਤੇ ਨਗਰ ਨਿਗਮ ਦੀ ਪਹਿਲੀ ਹੀ ਇਕੱਤਰਤਾ ਵਿਚ ਇਸ ਮੁੱਦੇ ਨੂੰ ਮੁੱਖ ਏਜੰਡੇ ਵਜੋਂ ਚੁੱਕਣ ਤਾਂ ਜੋ ਸ਼ਹਿਰ ਦੇ ਬਾਹਰਲੇ ਖੇਤਰਾਂ ਦੇ ਵਾਸੀਆਂ ਨੂੰ ਇੱਕ ਵੱਡੀ ਆਰਥਿਕ ਰਾਹਤ ਮਿਲ ਸਕੇ।