ਬਰਨਾਲਾ, 18 ਜੁਲਾਈ (ਨਰਿੰਦਰ ਅਰੋੜਾ)-ਲੀਗਲ ਏਡ ਡਿਫੈਂਸ ਕੌਂਸਲ ਸਬੰਧੀ ਬਣੇ ਕਾਨੂੰਨ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਵਕੀਲਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 12ਵੇਂ ਦਿਨ ਵੀ ਲਗਾਤਾਰ ਜਾਰੀ ਰਹੀ। ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਅੱਜ ਪੰਜਾਬ ਭਰ ਦੇ ਨਾਲ-ਨਾਲ ਬਰਨਾਲਾ ਵਿਚ ਵੀ ਕੌਮੀ ਲੋਕ ਅਦਾਲਤ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਐਡਵੋਕੇਟ ਹਰਿੰਦਰ ਪਾਲ ਸਿੰਘ ਰਾਣੂੰ, ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਧੀਰਜ ਕੁਮਾਰ, ਰੁਪਿੰਦਰ ਸਿੰਘ ਸੰਧੂ, ਧਰਮਿੰਦਰ ਸਿੰਘ ਧਾਲੀਵਾਲ, ਇਕਬਾਲ ਸਿੰਘ ਗਿੱਲ, ਨਛੱਤਰ ਸਿੰਘ ਬਰਾੜ, ਹਾਕਮ ਸਿੰਘ ਭੁੱਲਰ ਅਤੇ ਨਰੇਸ਼ ਬਾਵਾ ਸਮੇਤ ਵੱਡੀ ਗਿਣਤੀ ਵਿਚ ਵਕੀਲਾਂ ਨੇ ਰੋਸ ਪ੍ਰਗਟਾਇਆ ਅਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਐਲ.ਏ.ਡੀ.ਸੀ.ਐਸ. ਕਾਨੂੰਨ ਨੂੰ ਰੱਦ ਕਰਵਾਉਣ ਲਈ ਵਕੀਲ 7 ਜੁਲਾਈ ਤੋਂ ਆਪਣਾ ਕੰਮ ਬੰਦ ਕਰ ਕੇ ਹੜਤਾਲ ’ਤੇ ਹਨ। ਪਰ ਹਾਲੇ ਤੱਕ ਸਰਕਾਰ ਵਲੋਂ ਵਕੀਲਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਸਮੂਹ ਵਕੀਲਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲਗਾਤਾਰ ਨਿਆਂ ਪ੍ਰਣਾਲੀ ਵਿਚ ਬਦਲਾਅ ਕਰ ਕੇ ਜੁਡੀਸ਼ੀਅਲ ਸਿਸਟਮ ਨੂੰ ਕਮਜ਼ੋਰ ਕਰ ਰਹੀ ਹੈ। ਐਲ.ਏ.ਡੀ.ਸੀ.ਐਸ. ਨੀਤੀ ਤਹਿਤ ਮੁਲਜ਼ਮ ਆਪਣੇ ਪਸੰਦ ਦਾ ਪ੍ਰਾਈਵੇਟ ਵਕੀਲ ਨਹੀਂ ਕਰ ਸਕਦਾ ਅਤੇ ਅਦਾਲਤ ਵਲੋਂ ਉਸ ਨੂੰ ਮੁਫ਼ਤ ਵਕੀਲ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਨਾਲ ਮੁਲਜ਼ਮ ਨੂੰ ਕੇਸ ਦੀ ਪੈਰਵੀ ਲਈ ਕੋਈ ਫ਼ੀਸ ਨਹੀਂ ਦੇਣੀ ਪੈਂਦੀ, ਜਿਸ ਕਾਰਨ ਉਹ ਜੁਰਮ ਕਰਨ ਤੋਂ ਬੇਖ਼ੌਫ ਹੋ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਨਾਲ ਵਕੀਲਾਂ ਦੇ ਕੰਮ ’ਤੇ ਵੀ ਕਾਫ਼ੀ ਅਸਰ ਪਿਆ ਹੈ। ਵਕੀਲਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਐਲ.ਏ.ਡੀ.ਸੀ.ਐਸ. ਕਾਨੂੰਨ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਦਾਲਤਾਂ ਦਾ ਮੁਕੰਮਲ ਬਾਈਕਾਟ ਅਤੇ ਹੜਤਾਲ ਜਾਰੀ ਰਹੇਗਾ। ਇਸ ਮੌਕੇ ਐਡਵੋਕੇਟ ਬਲਵੰਤ ਸਿੰਘ ਮਾਨ, ਸਾਬਕਾ ਸਕੱਤਰ ਦਰਸ਼ਨ ਸਿੰਘ ਸਿੰਮਕ, ਬਲਵਿੰਦਰ ਸਿੰਘ ਭੁੱਲਰ, ਪ੍ਰਿਥੀਪਾਲ ਸਿੰਘ ਕੌਲਧਾਰ, ਧਰਮਪਾਲ ਸਿੰਘ, ਅਮਨਦੀਪ ਸਿੰਘ ਬਾਹੀਆ, ਚਮਕੌਰ ਸਿੰਘ ਭੱਠਲ, ਮਨੋਜ ਕੁਮਾਰ ਸ਼ਰਮਾ, ਮਨਦੀਪ ਸਿੰਘ ਸਹਿਜੜਾ, ਅਮਰੀਕ ਸਿੰਘ ਦਿਉਲ, ਬਲਜੀਤ ਸਿੰਘ ਧੌਲਾ, ਪ੍ਰਕਾਸ਼ਦੀਪ ਸਿੰਘ ਔਲਖ, ਬਿਕਰਮਜੀਤ ਸਿੰਘ ਦੁੱਗਲ, ਸਿਮਰਨਜੀਤ ਕੌਰ ਪੁਰਬਾ, ਸਰਬਜੀਤ ਕੌਰ, ਅਕਰੋਸ਼ ਬਾਵਾ, ਅਮਨਦੀਪ ਸਿੰਘ ਸਿੰਮਕ, ਹੰਸ ਰਾਜ ਸਿੰਘ ਗਿੱਲ, ਦਿੱਬਿਆ ਗੁਲਾਟੀ, ਸਵਰਨਜੀਤ ਕੌਰ ਅਤੇ ਸੰਦੀਪ ਸਿੰਘ ਸਮੇਤ ਕਈ ਵਕੀਲ ਹਾਜ਼ਰ ਸਨ।
ਵਕੀਲਾਂ ਵਲੋਂ ਕੌਮੀ ਲੋਕ ਅਦਾਲਤ ਦਾ ਬਾਈਕਾਟ
ਅਜੀਤ ਡੈਸਕ
19-07-2026