ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਮਹਿਲ ਕਲਾਂ ਵਲੋਂ 22 ਜੁਲਾਈ ਨੂੰ ਬਡਬਰ, ਮੱਲੀਆਂ ਕੋਲ ਟੋਲ ਪਲਾਜੇ ਫ਼ਰੀ ਕਰਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਅੱਗੇ ਧਰਨੇ ਦੀਆਂ ਤਿਆਰੀਆਂ ਨੂੰ ਲੈ ਕੇ ਝੰਡਾ ਮਾਰਚ ਮਹਿਲ ਕਲਾਂ ਤੋਂ ਸ਼ੁਰੂ ਕਰ ਕੇ ਸਹਿਜੜਾ, ਕਲਾਲਾ, ਬੀਹਲਾ, ਮੂੰਮ, ਧਨੇਰ, ਕਲਾਲ ਮਾਜਰਾ, ਕ੍ਰਿਪਾਲ ਸਿੰਘ ਵਾਲਾ ਤੇ ਦੱਧਾਹੂਰ, ਮਹਿਲ ਕਲਾਂ ਵਿਖੇ ਲੋਕਾਂ ਨੂੰ ਲਾਮਬੰਦ ਕਰਨ ਉਪਰੰਤ ਸਮਾਪਤ ਕੀਤਾ। ਮੁਹਿੰਮ ਦੌਰਾਨ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ ਮੂੰਮ, ਸਤਪਾਲ ਸਿੰਘ ਸੋਹੀ, ਗੋਰਾ ਸਿੰਘ ਰਾਏਸਰ, ਗੁਰਮੇਲ ਸਿੰਘ, ਇਕਬਾਲ ਸਿੰਘ, ਹਰਪਾਲ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਨਾਲ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਖੇਤੀ, ਪੋਲਟਰੀ ਅਤੇ ਡੇਅਰੀ ਖੇਤਰ ਨਾਲ ਸਬੰਧਿਤ ਸਸਤੀਆਂ ਅਮਰੀਕਨ ਵਸਤਾਂ ਦਾ ਹੜ੍ਹ ਆ ਜਾਵੇਗਾ ਅਤੇ ਭਾਰਤੀ ਕਿਸਾਨਾਂ ਦੇ ਸਾਰੇ ਧੰਦੇ ਚੌਪਟ ਹੋ ਜਾਣਗੇ। ਇਸ ਤਰ੍ਹਾਂ ਕਾਰਪੋਰੇਟ ਘਰਾਣੇ, ਆਪਣਾ ਗ਼ਲਬਾ ਸਥਾਪਿਤ ਕਰਨ ਤੋਂ ਬਾਅਦ ਭੋਜਨ ਨਾਲ 6ਸਬੰਧਤ ਸਾਰੀਆਂ ਵਸਤਾਂ ਨੂੰ ਮਨਮਾਨੇ ਭਾਅ ’ਤੇ ਵੇਚਣਗੇ। ਭਾਰਤ ਵਰਗੇ ਦੇਸ਼ ਵਿਚ ਜਿੱਥੇ 40 ਕਰੋੜ ਤੋਂ ਵੱਧ ਲੋਕ ਸਸਤੇ ਸਰਕਾਰੀ ਰਾਸ਼ਨ ’ਤੇ ਨਿਰਭਰ ਹਨ, ਇਹ ਸਮਝੌਤਾ ਕਿਸਾਨਾਂ ਦੀ ਮੌਤ ਦੇ ਵਾਰੰਟ ਸਾਬਤ ਹੋਵੇਗਾ। ਮੁਕਤ ਵਪਾਰ ਸਮਝੌਤੇ ਦੇ ਖ਼ਿਲਾਫ਼ ਅਤੇ ਹੋਰ ਮੰਗਾਂ ਲਈ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 12 ਵਜੇ ਤੋਂ 3 ਵਜੇ ਤੱਕ ਬਡਬਰ ਅਤੇ ਮੱਲੀਆਂ ਟੋਲ ਪਲਾਜ਼ਾ ਫ਼ਰੀ ਕੀਤੇ ਜਾਣਗੇ ਅਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੇ ਘਰ ਅੱਗੇ ਧਰਨਾ ਲਾਇਆ ਜਾਵੇਗਾ। ਆਗੂਆਂ ਨੇ ਕਿਸਾਨਾਂ ਨੂੰ ਸੰਘਰਸ਼ ’ਚ ਵੱਡੀ ਗਿਣਤੀ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ।