ਅਮਰਗੜ੍ਹ, 20 ਜੁਲਾਈ (ਜਤਿੰਦਰ ਮੰਨਵੀ) - ਪਿਛਲੇ ਹਫ਼ਤੇ ਪਿੰਡ ਬੁਲਾਪੁਰ ਵਿਖੇ ਇੱਕ ਰਿਹਾਇਸ਼ੀ ਮਕਾਨ ‘ਚ ਚੱਲ ਰਹੇ ਗ਼ੈਰ-ਕਾਨੂੰਨੀ ਬੁੱਚੜਖ਼ਾਨੇ ਦਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਮਰਗੜ੍ਹ ਪੁਲਿਸ ਨੇ ਪਰਦਾਫ਼ਾਸ਼ ਕਰਦਿਆਂ ਤਿੰਨ ਗਊਆਂ ਦੇ ਅਵਸ਼ੇਸ਼, ਭਾਰ ਤੋਲਣ ਵਾਲਾ ਕੰਢਾ ਅਤੇ ਭਾਰੀ ਮਾਤਰਾ ਵਿਚ ਗਊ-ਮਾਸ ਬਰਾਮਦ ਕੀਤਾ ਸੀ ਅਤੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਸੀ।ਇਸ ਘਟਨਾ ਨੂੰ ਲੈ ਕੇ ਬੁਲਾਪੁਰ ਪੰਚਾਇਤ ਵੱਲੋਂ ਮਕਾਨ ਮਾਲਕ ਨਾਲ ਪਿੰਡ ਭੁਰਥਲਾ ਮੰਡੇਰ ਵਿਖੇ 25 ਲੱਖ ਰੁਪਏ ਵਿਚ ਸਮਝੌਤਾ ਕੀਤੇ ਜਾਣ ਦੀ ਚਰਚਾ ਚਾਰੇ ਪਾਸੇ ਫ਼ੈਲ ਗਈ। ਇਸ ਵਿਵਾਦ ਦੇ ਸਾਹਮਣੇ ਆਉਣ ਤੇ ਨਾਮਧਾਰੀ ਸੰਪਰਦਾ ਵਲੋਂ ਹਰਪਾਲ ਸਿੰਘ ਭੈਣੀ ਸਾਹਿਬ ਵਾਲੇ ਅਤੇ ਉਦਾਸੀਨ ਡੇਰੇ ਦੇ ਮੁਖੀ ਮਹੰਤ ਹਰਪਾਲ ਦਾਸ ਦੀ ਅਗਵਾਈ ਹੇਠ ਇੱਕ ਵਫਦ ਨੇ ਬੁਲਾਪੁਰ ਦੇ ਸਰਪੰਚ ਦੇ ਪਤੀ ਪੰਚ ਗੁਰਿੰਦਰਜੀਤ ਸਿੰਘ ਅਤੇ ਨੰਬਰਦਾਰ ਗੁਰਜੰਟ ਸਿੰਘ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਨ ਲਈ ਦਬਾਅ ਪਾਇਆ ਅਤੇ ਬੁੱਚੜਖ਼ਾਨੇ ਦਾ ਪਰਦਾਫ਼ਾਸ਼ ਕਰਕੇ ਮੌਤ ਦੇ ਮੂੰਹੋਂ ਦੋ ਬੇਜ਼ੁਬਾਨ ਗਊਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।ਗੁਰਦੁਆਰਾ ਭੈਣੀ ਸਾਹਿਬ ਤੋਂ ਆਏ ਹਰਪਾਲ ਸਿੰਘ ਅਤੇ ਮਹੰਤ ਹਰਪਾਲ ਦਾਸ ਨੇ ਇਸ ਅਤਿ-ਘਿਨਾਉਣੇ ਕਾਰੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਉਸ ਅਣਅਧਿਕਾਰਤ ਬੁੱਚੜਖ਼ਾਨੇ ਵਾਲੀ ਥਾਂ ਉੱਤੇ ਇੱਕ ਗਊਸ਼ਾਲਾ ਬਣਾਈ ਜਾਵੇਗੀ, ਜਿਸ ਲਈ ਉਨ੍ਹਾਂ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਪੰਚ ਗੁਰਿੰਦਰਜੀਤ ਸਿੰਘ ਨੂੰ ਆਖਿਆ ਕਿ ਗਊਆਂ ਦੇ ਕਾਤਲਾਂ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਗੋਂ ਜਿਸ ਧਰਤੀ ਉੱਤੇ ਗਊਆਂ ਦਾ ਨਿਰਦਈ ਕਤਲ ਹੋਇਆ ਹੈ, ਉੱਥੇ ਗਊਸ਼ਾਲਾ ਬਣਾ ਕੇ ਸੇਵਾ ਕਰਨ ਨਾਲ ਹੀ ਇਸ ਪਾਪ ਧੋਤੇ ਜਾ ਸਕਦੇ ਹਨ। ਆਗੂਆਂ ਨੇ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਵਿਖੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਚੁੱਕੀ ਗਈ ਸਹੁੰ ਦਾ ਵੀ ਚੇਤਾ ਕਰਵਾਇਆ। ਨਾਲ ਹੀ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਬਾਕੀ ਦੋਸ਼ੀਆਂ ਅਤੇ ਕਥਿਤ ਦੋਸ਼ੀ ਮਕਾਨ ਮਾਲਕ ਅਮਨਦੀਪ ਸਿੰਘ ਨੂੰ ਤਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਰੈਸਟੋਰੈਂਟਾਂ ਤੇ ਢਾਬਾ ਮਾਲਕਾਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਹੋਵੇ ਜੋ ਇਹ ਗਊ-ਮਾਸ ਖਰੀਦਦੇ ਸਨ।ਇਸ ਮੌਕੇ ਪਹੁੰਚੇ ਪੰਚ ਗੁਰਿੰਦਰਜੀਤ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਅੰਤਿਮ ਸਮਝੌਤੇ ਤੋਂ ਇਨਕਾਰ ਕਰਦਿਆਂ ਆਖਿਆ ਕਿ ਕੁਝ ਪਿੰਡਾਂ ਦੀਆਂ ਪੰਚਾਇਤਾਂ ਮਕਾਨ ਮਾਲਕ ਨੂੰ ਪੁਲਿਸ ਦੀ ਗ੍ਰਿਫ਼ਤ ਤੋਂ ਬਚਾਉਣ ਲਈ ਦਬਾਅ ਬਣਾ ਰਹੀਆਂ ਹਨ ਅਤੇ ਗੁਰਦੁਆਰਾ ਸਾਹਿਬ ਲਈ 25 ਲੱਖ ਰੁਪਏ ਦੇਣ ਦੀਆਂ ਗੱਲਾਂ ਚੱਲ ਰਹੀਆਂ ਹਨ, ਪਰ ਹਾਲੇ ਤੱਕ ਕੋਈ ਲੈਣ-ਦੇਣ ਨਹੀਂ ਹੋਇਆ। ਉਨ੍ਹਾਂ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਗਊਸ਼ਾਲਾ ਬਣਾਉਣ ਦੇ ਇਸ ਨੇਕ ਕਾਰਜ ‘ਚ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਪੂਰਨ ਸਹਿਯੋਗ ਰਹੇਗਾ।ਗਊ ਰੱਖਿਆ ਦਲ ਦੇ ਆਗੂ ਅਨੁਰਾਗ ਵਰਮਾ ਨੇ ਨਾਮਧਾਰੀ ਸੰਪਰਦਾ ਅਤੇ ਡੇਰਾ ਉਦਾਸੀਨ ਦੇ ਵਫ਼ਦ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਗਊਸ਼ਾਲਾ ਦੀ ਸਥਾਪਨਾ ਲਈ ਉਨ੍ਹਾਂ ਦਾ ਹਰ ਪੱਖੋਂ ਸਾਥ ਦਿੱਤਾ ਜਾਵੇਗਾ। ਇਸ ਵਫਦ ‘ਚ ਹਰਮੇਸ਼ ਸਿੰਘ, ਗੁਰਨਾਮ ਸਿੰਘ, ਹਰਦੇਵ ਸਿੰਘ ਚੱਕ ਕੂਕਿਆਂ ਤੋਂ ਤੇ ਸੰਤ ਦਰਸ਼ਨ ਸਿੰਘ ਸੇਵਕ ਭੈਣੀ ਸਾਹਿਬ ਵਾਲੇ ਆਦਿ ਹਾਜ਼ਰ ਸਨ।ਉਧਰ ਅਮਰਗੜ੍ਹ ਪੁਲਿਸ ਥਾਣਾ ਮੁਖੀ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਪੰਜ ਦੋਸ਼ੀਆਂ ਚੋਂ ਤਿੰਨ ਨੂੰ ਕਾਬੂ ਕਰ ਲਿਆ ਹੈ ਜਦਕਿ ਮਕਾਨ ਮਾਲਕ ਸਮੇਤ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ।