06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪ੍ਰਸ਼ਾਸਨ ਵਲੋਂ ਸ਼ਹਿਰ ਬਰਨਾਲਾ ਵਿਚੋਂ ਕੂੜਾ ਚੁੱਕਣ ਸਮੇਂ ਮਾਹੌਲ ਬਣਿਆ ਤਣਾਅਪੂਰਨ

Ad Position 21
No active advertisement
ਅਜੀਤ ਡੈਸਕ 23-07-2026

ਬਰਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਵਿਖੇ ਪ੍ਰਸ਼ਾਸਨ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਵੱਖ-ਵੱਖ ਥਾਵਾਂ ’ਤੇ ਲੱਗੇ ਹੋਏ ਕੂੜੇ ਦੇ ਵੱਡੇ-ਵੱਡੇ ਢੇਰਾਂ ਨੂੰ ਚੁਕਵਾਉਣ ਸਮੇਂ ਮਾਹੌਲ ਉਸ ਸਮੇਂ ਕਾਫ਼ੀ ਤਣਾਅਪੂਰਨ ਬਣ ਗਿਆ ਜਦੋਂ ਸਫ਼ਾਈ ਸੇਵਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਫ਼ਾਈ ਸੇਵਕਾਂ ਉੱਪਰ ਲਾਠੀਚਾਰਜ ਕਰ ਦਿੱਤਾ ਗਿਆ। ਪ੍ਰਸ਼ਾਸਨ ਵਲੋਂ ਦੁਪਹਿਰ ਸਮੇਂ ਪਹਿਲਾਂ ਐਸ.ਡੀ. ਕਾਲਜ ਦੇ ਸਾਹਮਣੇ ਲੱਗੇ ਵੱਡੇ ਕੂੜੇ ਦੇ ਢੇਰ ਨੂੰ ਜੇ.ਸੀ.ਬੀ. ਨਾਲ ਚੁਕਵਾਉਣਾ ਸ਼ੁਰੂ ਕੀਤਾ ਗਿਆ। ਜਦੋਂ ਇਸ ਦਾ ਨਗਰ ਨਿਗਮ ਦਫ਼ਤਰ ਵਿਖੇ ਪਿਛਲੇ 14 ਦਿਨਾਂ ਤੋਂ ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਨੂੰ ਪਤਾ ਲੱਗਾ ਤਾਂ ਉਹ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਕੂੜਾ ਚੁੱਕਣਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਭਾਰੀ ਗਿਣਤੀ ਵਿਚ ਮੌਜੂਦ ਪੁਲਿਸ ਪ੍ਰਸ਼ਾਸਨ ਵਲੋਂ ਜਿੱਥੇ ਸਫ਼ਾਈ ਸੇਵਕਾਂ ਉੱਪਰ ਲਾਠੀਚਾਰਜ ਕਰ ਦਿੱਤਾ ਗਿਆ ਉੱਥੇ ਕੁੱਝ ਸਫ਼ਾਈ ਸੇਵਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ। ਉਸ ਤੋਂ ਬਾਅਦ ਹੰਡਿਆਇਆ ਬਾਜ਼ਾਰ ਵਿਖੇ ਪ੍ਰਸ਼ਾਸਨ ਵਲੋਂ ਕੂੜਾ ਚੁੱਕਣ ਦੀ ਸ਼ੁਰੂ ਕੀਤੀ ਗਈ ਕਾਰਵਾਈ ਦੌਰਾਨ ਸਫ਼ਾਈ ਸੇਵਕਾਂ ਤੇ ਪੁਲਿਸ ਵਿਚਕਾਰ ਕਾਫ਼ੀ ਜ਼ਿਆਦਾ ਹੰਗਾਮਾ ਹੋ ਗਿਆ ਅਤੇ ਕੂੜਾ ਚੁੱਕਣ ਦਾ ਵਿਰੋਧ ਕਰ ਰਹੇ ਸਫ਼ਾਈ ਸੇਵਕਾਂ ਵਲੋਂ ਪੁਲਿਸ ਮੁਲਾਜ਼ਮਾਂ ਉੱਪਰ ਗੰਦਗੀ ਦੇ ਢੇਰ ਸੁੱਟਣੇ ਸ਼ੁਰੂ ਕਰ ਦਿੱਤੇ ਗਏ। ਜਿਸ ਤੋਂ ਬਾਅਦ ਇੱਥੇ ਵੀ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ ਅਤੇ ਸਫ਼ਾਈ ਸੇਵਕਾਂ ਨੂੰ ਭਜਾ ਭਜਾ ਕੇ ਕੁੱਟਿਆ। ਇਸ ਲਾਠੀਚਾਰਜ ਦੌਰਾਨ ਕਾਫ਼ੀ ਸਫ਼ਾਈ ਸੇਵਕਾਂ ਜਿਨ੍ਹਾਂ ਵਿਚ ਔਰਤਾਂ ਵੀ ਮੌਜੂਦ ਸਨ ਦੇ ਸੱਟਾਂ ਲੱਗੀਆਂ। ਸਫ਼ਾਈ ਸੇਵਕ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਪਿਛਲੇ ਲੰਮੇ ਸਮੇਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਹੁਣ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਨਯੋਗ ਹਾਈਕੋਰਟ ਦੇ ਕੂੜਾ ਚੁਕਵਾਉਣ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਤਾਂ ਸਾਨੂੰ ਕੁੱਟਿਆ ਜਾ ਰਿਹਾ ਹੈ ਲੇਕਿਨ ਹਾਈਕੋਰਟ ਦੇ ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਚੁਕਵਾਇਆ ਜਾ ਰਿਹਾ ਕੂੜਾ-ਸਹਾਇਕ ਕਮਿਸ਼ਨਰ ਨਗਰ ਨਿਗਮ
ਨਗਰ ਨਿਗਮ ਬਰਨਾਲਾ ਦੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਚੱਲ ਰਹੀ ਰਿਟ ਪਟੀਸ਼ਨ ਨੰਬਰ 21325 ਆਫ਼ 2026 ਵਿਚ ਹੋਏ ਹੁਕਮਾਂ ਤਹਿਤ ਸ਼ਹਿਰ ਵਿਚੋਂ ਕੂੜਾ ਚੁਕਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸ਼ਹਿਰ ਵਿਚੋਂ ਕੂੜਾ ਚੁਕਵਾਉਣ ਉਪਰੰਤ ਅੱਜ ਹੀ ਮਾਨਯੋਗ ਹਾਈਕੋਰਟ ਵਿਚ ਸਟੇਟਸ ਰਿਪੋਰਟ ਦਾਇਰ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿਚੋਂ ਕੂੜਾ ਚੁੱਕਣ ਸਮੇਂ ਸਫ਼ਾਈ ਸੇਵਕਾਂ ਵਲੋਂ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਐਸ.ਐਸ.ਪੀ. ਬਰਨਾਲਾ ਨੂੰ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਵਿਸ਼ਾਲ ਇਕੱਤਰਤਾ, ਟੋਲ ਪਲਾਜ਼ੇ ਕੀਤੇ ਟੋਲ ਫ਼੍ਰੀ ਅਗਲੀ ਖ਼ਬਰ 146 ਹੈਲਥ ਵਰਕਰਾਂ ਨੂੰ ਜਲਦੀ ਆਰਡਰ ਦਿੱਤੇ ਜਾਣ -ਪੰਜਗਰਾਈਆਂ
Ad Position 24
No active advertisement