ਟੱਲੇਵਾਲ, 30 ਜੁਲਾਈ (ਸੋਨੀ ਚੀਮਾ)-ਥਾਣਾ ਟੱਲੇਵਾਲ ਵਿਖੇ ਅੱਜ ਗ੍ਰਾਮ ਪੰਚਾਇਤ ਟੱਲੇਵਾਲ, ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ, ਵੱਖ-ਵੱਖ ਜਥੇਬੰਦੀਆਂ ਅਤੇ ਹੋਰ ਮੋਹਤਬਰਾਂ ਵਲੋਂ ਪਿੰਡ ਵਿਚ ਲਗਾਤਾਰ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਅੱਕ ਕੇ ਥਾਣਾ ਟੱਲੇਵਾਲ ਵਿਖੇ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਰਪੰਚ ਡਾ: ਜੁਗਰਾਜ ਸਿੰਘ ਨੇ ਦੱਸਿਆ ਕਿ ਜਿੱਥੇ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਿਛਲੇ ਦਿਨੀਂ ਭਰਵੀਂ ਇਕੱਤਰਤਾ ਉਪਰੰਤ ਥਾਣੇ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਪਿੰਡ ਦੇ ਸੈਕੰਡਰੀ ਸਕੂਲ ਅੱਗੇ ਕਈ ਸ਼ਰਾਰਤੀ ਅਨਸਰ ਸਕੂਲ ਦੀ ਛੁੱਟੀ ਸਮੇਂ ਨੌਜਵਾਨ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਪਰ ਉਕਤ ਮਾਮਲੇ ਸਬੰਧੀ ਪੁਲਿਸ ਨੇ ਕੋਈ ਉਜ਼ਰ ਨਹੀਂ ਕੀਤਾ, ਇਸ ਉਪਰੰਤ ਬੀਤੇ ਦਿਨੀਂ ਪਿੰਡ ਦੇ ਤਿੰਨ-ਚਾਰ ਵਿਦਿਆਰਥੀ ਜੋ ਕਿ ਸਕੂਲ ਦੀ ਛੁੱਟੀ ਉਪਰੰਤ ਪਿੰਡ ਵਿਧਾਤੇ ਵਿਚਦੀ ਨਹਿਰ ਦੀ ਪਟੜੀ ਰਾਹੀਂ ਭਦੌੜ ਵਿਖੇ ਟਿਊਸ਼ਨ ਲਈ ਜਾ ਰਹੇ ਸਨ, ਤਾਂ ਕੁੱਝ ਨਸ਼ੇੜੀ ਕਿਸਮ ਦੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਝ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਕਤ ਨਸ਼ੇੜੀ ਵਿਅਕਤੀਆਂ ਵਲੋਂ ਇਕ ਵਿਦਿਆਰਥੀ ਤੋਂ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਵਿਦਿਆਰਥੀ ਨੇ ਵਿਰੋਧ ਕੀਤਾ ਅਤੇ ਉਸ ’ਤੇ ਕਿਸੇ ਤਿੱਖੀ ਵਸਤੂ ਨਾਲ ਵਾਰ ਕੀਤਾ, ਜਿਸ ਨਾਲ ਉਕਤ ਵਿਦਿਆਰਥੀ ਦੀ ਅੱਖ ਨੁਕਸਾਨੇ ਜਾਣ ਤੋਂ ਇਲਾਵਾ ਮੂੰਹ ਦਾ ਇਕ ਪਾਸਾ ਖ਼ਤਮ ਹੋਣ ਕਿਨਾਰੇ ਪਹੁੰਚ ਗਿਆ ਹੈ ਅਤੇ ਵਿਦਿਆਰਥੀ ਏਮਜ਼ ਹਸਪਤਾਲ ਵਿਖੇ ਗੰਭੀਰ ਹਾਲਤ ਵਿਚ ਜੇਰੇ ਇਲਾਜ ਹੈ। ਜਿਸ ਸਬੰਧੀ ਅਸੀਂ ਅੱਜ ਮੁੜ ਦੁਬਾਰਾ ਥਾਣਾ ਮੁਖੀ ਸਮੇਤ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਆਏ ਸੀ, ਪਰ ਥਾਣੇ ਵਿਚ ਥਾਣਾ ਮੁਖੀ ਨਾ ਹੋਣ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਹਾਜ਼ਰ ਨਹੀਂ ਸੀ। ਜਿਸ ਕਰ ਕੇ ਸਾਨੂੰ ਰੋਸ ਪ੍ਰਗਟ ਕਰਨਾ ਪਿਆ। ਸਰਪੰਚ ਜੁਗਰਾਜ ਸਿੰਘ ਨੇ ਦੱਸਿਆ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਆਪਣੀ ਬਣਦੀ ਡਿਊਟੀ ਨਿਭਾ ਕੇ ਉਕਤ ਦੋਸ਼ੀਆਂ ਨੂੰ ਫੜਨ ਤੋਂ ਇਲਾਵਾ ਪਿੰਡ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਵੇ, ਉੱਥੇ ਜ਼ਖਮੀ ਹਾਲਤ ਪਏ ਵਿਦਿਆਰਥੀ ਲਈ ਪ੍ਰਸ਼ਾਸਨ ਅੱਗੇ ਆਵੇ, ਤਾਂ ਜੋ ਵਿਦਿਆਰਥੀ ਮੁੜ ਤੰਦਰੁਸਤ ਹੋ ਕੇ ਪੜਾਈ ਪੂਰੀ ਕਰਨ ਦੇ ਸਮਰੱਥ ਹੋ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਸਬੰਧੀ ਅੱਜ 31 ਜੁਲਾਈ ਨੂੰ ਵੀ ਪਿੰਡ ਦੀ ਵੱਡੀ ਸੱਥ ਵਿਖੇ ਪਿੰਡ ਵਾਸੀਆਂ ਦੀ ਇਕੱਤਰਤਾ ਕੀਤੀ ਜਾਵੇਗੀ। ਜਿਸ ਉਪਰੰਤ ਥਾਣਾ ਮੁਖੀ ਸਮੇਤ ਪੁਲਿਸ ਮੁਲਾਜ਼ਮਾਂ ਨੂੰ ਮਿਲਿਆ ਜਾਵੇਗਾ। ਇਸ ਮੌਕੇ ਸਰਪੰਚ ਜੁਗਰਾਜ ਸਿੰਘ ਸਮੇਤ ਸਮੂਹ ਹਾਜ਼ਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਜਲਦ ਨਾ ਕੀਤਾ ਗਿਆ, ਤਾਂ ਅਗਲਾ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਇਸ ਮੌਕੇ ਡਾ: ਜਗਰਾਜ ਸਿੰਘ, ਸੁਖਵੀਰ ਸਿੰਘ ਸੋਖੀ ਸੂਬਾ ਆਗੂ, ਜਗਤਾਰ ਸਿੰਘ ਪੰਚ, ਵਤਨਪ੍ਰੀਤ ਸਿੰਘ, ਅਮਨਦੀਪ ਸਿੰਘ ਕਲੱਬ ਪ੍ਰਧਾਨ, ਜੀਤ ਸਿੰਘ, ਚਮਕੌਰ ਸਿੰਘ ਢਿੱਲੋਂ, ਚਾਨਣ ਸਿੰਘ ਧਾਲੀਵਾਲ, ਸੁਦਾਗਰ ਸਿੰਘ ਟੱਲੇਵਾਲ ਖ਼ੁਰਦ, ਗੋਰਾ ਸਿੰਘ ਪੰਚ, ਮਹਿੰਦਰ ਸਿੰਘ ਭੋਲਾ ਪੰਚ, ਲੱਡੂ ਰਾਮ ਪੰਚ, ਗੁਰਬਚਨ ਸਿੰਘ, ਜਗਸੀਰ ਸਿੰਘ ਸੀਰਾ ਪੰਚ, ਹਰਜਿੰਦਰ ਸਿੰਘ ਜਿੰਦਾ ਪੰਚ, ਡਾਕਟਰ ਸੁੱਖਾ ਸਿੰਘ, ਬਲਦੇਵ ਖ਼ਾਨ ਆਗੂ ਆਦਮੀ ਪਾਰਟੀ, ਡਾ: ਗੁਰਵਿੰਦਰ ਸਿੰਘ, ਡਾ: ਮਹਿਰਾਜ ਵਾਲਾ, ਗੁਰਜੰਟ ਸਿੰਘ, ਸੁਰਜੀਤ ਸਿੰਘ, ਜਗਰਾਜ ਸਿੰਘ ਮਿਸਤਰੀ, ਕਾਲਾ ਸਿੰਘ, ਰਾਜਾ ਸਿੰਘ ਆਦਿ ਵੀ ਹਾਜ਼ਰ ਸਨ। ਇਸ ਸਬੰਧੀ ਜਦ ਥਾਣਾ ਮੁਖੀ ਸਰਬਜੀਤ ਸਿੰਘ ਨਾਲ ਗੱਲ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ।
ਪਿੰਡ ਟੱਲੇਵਾਲ ਵਾਸੀਆਂ ਨੇ ਲੁੱਟ-ਖੋਹ, ਨਸ਼ੇੜੀ ਕਿਸਮ ਦੇ ਵਿਅਕਤੀਆਂ ਦੀਆਂ ਵਾਰਦਾਤਾਂ ਤੋਂ ਅੱਕ ਕੇ ਥਾਣੇ ਅੱਗੇ ਕੀਤਾ ਰੋਸ ਪ੍ਰਗਟ
ਅਜੀਤ ਡੈਸਕ
31-07-2026