ਬਰਨਾਲਾ, 31 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਬ) ਹਮੇਸ਼ਾ ਹੀ ਮਜ਼ਦੂਰਾਂ, ਮੁਲਾਜ਼ਮਾਂ ਅਤੇ ਹਰ ਵਰਗ ਦੇ ਹੱਕਾਂ ਲਈ ਡਟ ਕੇ ਪਹਿਰਾ ਦਿੰਦਾ ਆਇਆ ਹੈ। ਸਫ਼ਾਈ ਸੇਵਕਾਂ ਦੇ ਚੱਲ ਰਹੇ ਹਰ ਸੰਘਰਸ਼ ਵਿਚ ਵੀ ਪਾਰਟੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਇਹ ਪ੍ਰਗਟਾਵਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਅਤੇ ਉਨ੍ਹਾਂ ਉੱਪਰ ਪੁਲਿਸ ਵਲੋਂ ਕੀਤੇ ਗਏ ਬੇਰਹਿਮੀ ਨਾਲ ਲਾਠੀਚਾਰਜ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਪਹਿਲੇ ਦਿਨ ਤੋਂ ਹੀ ਸਫ਼ਾਈ ਸੇਵਕਾਂ ਦੇ ਨਾਲ ਹੈ। ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਵਲੋਂ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਵੀ ਖ਼ੁਦ ਬਰਨਾਲਾ ਵਿਖੇ ਪਹੁੰਚ ਕੇ ਸਫ਼ਾਈ ਸੇਵਕ ਯੂਨੀਅਨ ਦੇ ਧਰਨੇ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸਿਵਲ ਹਸਪਤਾਲ ਵਿਚ ਜ਼ਖ਼ਮੀ ਹੋ ਕੇ ਇਲਾਜ ਅਧੀਨ ਸਫ਼ਾਈ ਸੇਵਕਾਂ ਦਾ ਹਾਲ-ਚਾਲ ਵੀ ਪੁੱਛਿਆ। ਸ: ਬਾਦਲ ਨੇ ਪਾਰਟੀ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਫ਼ਾਈ ਸੇਵਕਾਂ ਦੇ ਹਰ ਸੰਘਰਸ਼ ’ਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾਵੇ। ਸ: ਕੀਤੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੋਕਤੰਤਰ ਦਾ ਸ਼ਰੇ੍ਹਆਮ ਘਾਣ ਹੋ ਰਿਹਾ ਹੈ। ਸਰਕਾਰ ਮੁਲਾਜ਼ਮਾਂ, ਕਿਸਾਨਾਂ ਅਤੇ ਹੋਰਨਾਂ ਵਰਗਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਉਨ੍ਹਾਂ ’ਤੇ ਲਾਠੀਆਂ ਵਰ੍ਹਾ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਤਾ ਕੇ ਸਰਕਾਰ ਬਣਾਈ ਜਾਵੇ ਤਾਂ ਜੋ ਸੂਬੇ ਦੇ ਹਰ ਵਰਗ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਵੱਲ ਲਿਜਾਇਆ ਜਾ ਸਕੇ।