ਸਾਲ 2026 ਦਾ ਖੇਡ ਕੈਲੰਡਰ ਮਹਿਜ਼ ਹਰ ਸਾਲ ਦੀ ਤਰ੍ਹਾਂ ਤਿਆਰ ਹੋਣ ਵਾਲਾ ਰਸਮੀ ਈਵੈਂਟ ਕੈਲੰਡਰ ਨਹੀਂ ਹੈ, ਸਗੋਂ ਇਹ ਸਾਲ ਭਾਰਤੀ ਹਾਕੀ ਲਈ 'ਟਰਨਿੰਗ ਪੁਆਇੰਟ' ਹੈ। ਇਸੇ ਸਾਲ ਹੀ ਭਾਰਤੀ ਹਾਕੀ ਦੇ ਭਵਿੱਖ ਲਈ ਬੁਨਿਆਦ ਰੱਖੀ ਜਾਣੀ ਹੈ ਤੇ ਇਸੇ ਸਾਲ ਭਾਰਤੀ ਹਾਕੀ ਟੀਮ ਦਾ ਪੁਨਰਗਠਨ ਕੀਤਾ ਜਾਵੇਗਾ, ਕਿਉਂਕਿ ਟੋਕੀਓ ਤੇ ਪੈਰਿਸ ਉਲੰਪਿਕ ਚੱਕਰ ਤੋਂ ਬਾਅਦ ਅੱਜ ਭਾਰਤੀ ਹਾਕੀ ਉਸ ਮੋੜ 'ਤੇ ਖੜ੍ਹੀ ਹੈ, ਜਿੱਥੇ ਤਗਮਿਆਂ ਦੀਆਂ ਯਾਦਾਂ ਤੋਂ ਅੱਗੇ ਵਧ ਕੇ ਉਸ ਨੂੰ ਸਥਿਰਤਾ ਤੇ ਇਕਸਾਰਤਾ ਦੇਣ ਦੀ ਚੁਣੌੌਤੀ ਹੈ।
ਭਾਰਤੀ ਹਾਕੀ ਦਾ ਰੋਡਮੈਪ-2026
ਇਸ ਸਾਲ ਦੇ ਹਾਕੀ ਦੇ ਰੋਡਮੈਪ ਦੇ ਚਾਰ ਸਤੰਭ ਹਨ। ਅਸਲ 'ਚ ਲਾਸ ਏਂਜਲਸ ਉਲੰਪਿਕ 2028 ਦੀ ਤਿਆਰੀ ਦਾ ਪਹਿਲਾ ਨਿਰਣਾਇਕ ਸਾਲ ਇਹੀ ਹੈ। ਇਸ ਦੇ ਨਾਲ ਹੀ ਸੀਨੀਅਰ ਟੀਮਾਂ 'ਚ ਬਦਲਾਅ ਵੀ ਇਸੇ ਸਾਲ ਹੋਣਾ ਹੈ ਅਤੇ ਜੂਨੀਅਰ ਖਿਡਾਰੀਆਂ ਨੂੰ ਸੀਨੀਅਰ ਸਰਕਿਟ 'ਚ ਉਤਾਰਨ ਦਾ ਦਾਅ ਵੀ ਇਸੇ ਸਾਲ ਖੇਡਿਆ ਜਾਵੇਗਾ। ਇਸ ਸਭ ਦੇ ਨਾਲ ਫਿਟਨੈੱਸ ਤੇ ਖੇਡ ਗਤੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਦਾ ਟੀਚਾ ਵੀ ਇਸੇ ਸਾਲ ਲਈ ਮਹਤਵਪੂਰਨ ਹੈ। ਇਸ ਸਾਲ 'ਚ ਹਾਕੀ ਦੇ ਜੋ ਖਿਡਾਰੀ ਚੁਣੇ ਜਾਣਗੇ, ਲਗਭਗ 99 ਫ਼ੀਸਦੀ ਸੰਭਾਵਨਾ ਇਹੀ ਹੈ ਕਿ ਸਾਲ 2027-28 ਦੀ ਮੁੱਖ ਟੀਮ ਦਾ ਕੋਰ ਵੀ ਉਹੀ ਬਣਨਗੇ।
ਘਰੇਲੂ ਢਾਂਚੇ ਦਾ ਪੁਨਰਗਠਨ
ਹਾਕੀ ਇੰਡੀਆ ਦਾ 2026 ਦਾ ਰੋਡਮੈਪ ਘਰੇਲੂ ਹਾਕੀ ਨੂੰ ਮਜ਼ਬੂਤੀ ਦੇਣਾ ਹੈ ਕਿਉਂਕਿ ਇਸ ਸਾਲ ਪੁਨਰਗਠਨ ਲਈ ਕਈ ਮਹੱਤਵਪੂਰਨ ਬਿੰਦੂ ਹਨ, ਜਿਨ੍ਹਾਂ ਨੂੰ ਨਵੇਂ ਸਿਰੇ ਤੋਂ ਸਿਰਫ਼ ਜਾਂਚਣਾ ਤੇ ਪਰਖਣਾ ਹੀ ਨਹੀਂ, ਸਗੋਂ ਬਣਾਉਣਾ ਵੀ ਹੈ। ਜੇ ਇਸ ਸਾਲ ਦੇ ਘਰੇਲੂ ਢਾਂਚੇ ਦੇ ਪੁਨਰਗਠਨ ਪ੍ਰਕਿਰਿਆ ਨੂੰ ਤਿੰਨ ਮੁੱਖ ਕਾਰਕਾਂ ਦੁਆਰਾ ਦਰਸਾਈਏ ਤਾਂ ਉਹ ਹੋਣਗੇ- ਇਸ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਨੂੰ ਮੁੜ ਡਿਜ਼ਾਈਨ ਕੀਤਾ ਜਾਵੇਗਾ, ਅੰਡਰ-21 ਤੇ ਅੰਡਰ-18 ਮੁਕਾਬਲਿਆਂ ਦਾ ਕ੍ਰਿਕਟ ਵਾਂਗ ਵਿਸਥਾਰ ਹੋਵੇਗਾ ਅਤੇ ਇਸ ਦਾ ਸਭ ਤੋਂ ਮਹੱਤਵਪੂਰਨ ਤੇ ਪਰਿਵਰਤਨਸ਼ੀਲ ਪਹਿਲੂ ਇਹ ਹੈ ਕਿ ਇਸ ਸਾਲ ਹਾਕੀ ਫੰਡਿੰਗ ਵੱਖ-ਵੱਖ ਰਾਜਾਂ ਨੂੰ ਉਨ੍ਹਾਂ ਦੇ ਅਥਲੈਟਿਕ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤੀ ਜਾਵੇਗੀ, ਮਤਲਬ ਕਿ ਜਿਹੜਾ ਸੂਬਾ ਜਿੰਨੇ ਵਧੀਆ ਨਤੀਜੇ ਪ੍ਰਾਪਤ ਕਰੇਗਾ, ਉਸ ਨੂੰ ਓਨਾ ਹੀ ਵਧੀਆ ਫੰਡ ਮਿਲੇਗਾ।
ਮਹਿਲਾ ਹਾਕੀ ਲਈ ਅਹਿਮ ਸਾਲ
ਕ੍ਰਿਕਟ ਵਾਂਗ ਭਾਰਤੀ ਮਹਿਲਾਵਾਂ ਹੁਣ ਹਾਕੀ 'ਚ ਵੀ ਮਹੱਤਵਪੂਰਨ ਜਗ੍ਹਾ ਬਣਾ ਰਹੀਆਂ ਹਨ। ਸਾਲ 2026 ਮਹਿਲਾ ਹਾਕੀ ਖਿਡਾਰੀਆਂ ਲਈ ਜਾਂ ਤਾਂ ਵੱਡੀ ਤਰੱਕੀ ਵਾਲਾ ਜਾਂ ਗਹਿਰੇ ਠਹਿਰਾਅ ਵਾਲਾ ਸਾਬਤ ਹੋ ਸਕਦਾ ਹੈ। ਇਸ ਦਾ ਕਾਰਨ ਇਹੀ ਹੈ ਕਿ ਭਾਰਤ ਦੀ ਮਹਿਲਾ ਹਾਕੀ ਨੂੰ ਪੈਰਿਸ ਉਲੰਪਿਕ ਤੋਂ ਬਾਅਦ ਇਕ ਨਵੀਂ ਪਛਾਣ ਮਿਲੀ ਹੈ ਤੇ ਹੁਣ ਕੋਸ਼ਿਸ਼ ਇਹ ਹੈ ਕਿ ਇਹ ਪਛਾਣ ਫਿੱਕੀ ਨਾ ਪਵੇ, ਸਗੋਂ ਹੋਰ ਬਿਹਤਰ ਹੋਵੇ। ਇਸ ਲਈ ਇਸ ਸਾਲ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਨਾ ਸਿਰਫ਼ ਭਾਰਤੀ ਮਹਿਲਾ ਹਾਕੀ ਟੀਮ ਦਾ ਪੁਨਰਗਠਨ ਹੋਵੇਗਾ, ਸਗੋਂ ਕਪਤਾਨੀ ਤੇ ਕੋਰ ਗਰੁੱਪ 'ਚ ਵੀ ਬਦਲਾਅ ਸੰਭਵ ਹੈ। ਜੂਨੀਅਰ ਮਹਿਲਾ ਟੀਮਾਂ ਤੋਂ ਵੀ ਹਮਲਾਵਰ ਤੇ ਪ੍ਰਤਿਭਾਸ਼ਾਲੀ ਖਿਡਾਰੀ ਸੀਨੀਅਰ ਟੀਮ 'ਚ ਲਏ ਜਾ ਸਕਦੇ ਹਨ।
ਖੇਡ ਵਿਗਿਆਨ ਤੇ ਫਿਟਨੈਸ ਕ੍ਰਾਂਤੀ
2026 'ਚ ਭਾਰਤੀ ਹਾਕੀ ਵਿਚ ਜੋ ਮੁੱਖ ਤਕਨੀਕੀ ਤੇ ਫਿਟਨੈੱਸ ਸੰਬੰਧੀ ਬਦਲਾਅ ਦੇਖਣ ਨੂੰ ਮਿਲਣਗੇ, ਉਨ੍ਹਾਂ 'ਚ ਇਹ ਸ਼ਾਮਿਲ ਹਨ- ਡਾਟਾ ਆਧਾਰਤ ਚੋਣ, ਸੱਟ ਰੋਕਥਾਮ ਪ੍ਰੋਗਰਾਮ ਅਤੇ ਹਾਈ ਐਲਟੀਚਿਊਡ ਤੇ ਯੂਰਪੀਅਨ ਟ੍ਰਿਪ 'ਤੇ ਸਿਖਲਾਈ ਨੂੰ ਤਰਜੀਹ। ਸੋ ਇਸ ਸਭ ਦਾ ਨਤੀਜਾ ਇਹ ਹੈ ਕਿ ਸਾਲ 2026 ਭਾਰਤੀ ਹਾਕੀ ਲਈ ਸੁਨਹਿਰੀ ਸਾਲ ਸਾਬਤ ਹੋਣ ਜਾ ਰਿਹਾ ਹੈ। -ਇਮੇਜ ਰਿਫਲੈਕਸ਼ਨ ਸੈਂਟਰ
ਭਾਰਤੀ ਹਾਕੀ ਲਈ ਖ਼ਾਸ ਹੋਵੇਗਾ ਸਾਲ 2026
ਅਜੀਤ ਡੈਸਕ
03-03-2026