38ਵੀਆਂ ਆਸਟਰੇਲੀਅਨ ਸਿੱਖ ਖੇਡਾਂ ਮੈਲਬੌਰਨ ਸ਼ਹਿਰ ਵਿਚ 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਆਸਟ੍ਰੇਲੀਆ-ਨਿਊਜ਼ੀਲੈਂਡ ਸਮੇਤ ਹੋਰ ਵੀ ਕਈ ਦੇਸ਼ਾਂ ਦੇ ਕਰੀਬ ਡੇਢ ਲੱਖ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਖਿਡਾਰੀਆਂ, ਦਰਸ਼ਕਾਂ ਅਤੇ ਪ੍ਰਬੰਧਕਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿਚ ਫੁੱਟਬਾਲ, ਕਬੱਡੀ, ਹਾਕੀ, ਵਾਲੀਬਾਲ, ਬਾਸਕਟਵਾਲ, ਨੈੱਟਵਾਲ, ਅਥਲੈਟਿਕਸ, ਟੈਨਿਸ ਬੈਡਮਿੰਟਨ, ਕ੍ਰਿਕਟ, ਖੋਅ-ਖੋਅ, ਗੁਲਫ਼ ਅਤੇ ਕੁਸ਼ਤੀਆਂ ਸ਼ਾਮਿਲ ਸਨ। ਇਨ੍ਹਾਂ ਵਿਚ ਅੰਡਰ-6 ਸਾਲ ਤੋਂ ਲੈ ਕੇ 80 ਸਾਲ ਦੇ ਉਮਰ ਵਰਗਾਂ ਵਿਚ ਕਰੀਬ 8000 ਤੋਂ ਵਧੇਰੇ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿਚ ਭਾਰਤੀ ਹਵਾਈ ਫ਼ੌਜ ਦੇ ਸੇਵਾਮੁਕਤ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਗੁਲਪਰ ਨੇ 70 ਸਾਲਾ ਉਮਰ ਵਰਗ ਵਿਚ 200, 800 ਅਤੇ 1500 ਮੀਟਰ ਦੌੜ ਵਿਚ 3 ਸੋਨ ਤਗਮੇ ਅਤੇ 100 ਮੀਟਰ ਦੌੜ ਵਿਚ ਇਕ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਗੁਲਪੁਰ ਨੇ 'ਅਜੀਤ' ਨੂੰ ਦੱਸਿਆ ਕਿ ਉਨ੍ਹਾਂ ਦੀ ਹੀ ਪ੍ਰੇਰਨਾ ਅਤੇ ਦਿੱਤੇ ਉਤਸ਼ਾਹ ਸਦਕਾ ਉਨ੍ਹਾਂ ਦੇ ਦੋਹਤਰੇ ਜਸਤੇਜ ਸਿੰਘ 11 ਸਾਲ ਨੇ ਅਥਲੈਟਿਕਸ, ਸੂਬੇਦਾਰ ਮੇਜਰ ਗੁਰਦੀਪ ਸਿੰਘ ਦੇ ਪੋਤਰੇ ਹਿੰਮਤ ਸਿੰਘ 15 ਸਾਲ ਤੇ ਪੋਤਰੀ ਸੁਖਮਨੀ ਕੌਰ 11 ਸਾਲਾ ਨੇ ਆਪਣੇ ਕੋਚ ਪਿਤਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਪਣੀ ਟੀਮ ਲਈ ਖੇਡਦੇ ਹੋਏ ਫਾਈਨਲ ਮੈਚ ਵਿਚ ਜੇਤੂ ਟਰਾਫ਼ੀ ਹਾਸਿਲ ਕਰਨ ਵਿਚ ਬਣਦਾ ਯੋਗਦਾਨ ਪਾਇਆ। ਇਨ੍ਹਾਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਇਹ ਤਿੰਨੋਂ ਦਿਨ ਵਿਦੇਸ਼ ਵਸਦੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਦਰਸ਼ਕਾਂ ਲਈ ਯਾਦਗਾਰੀ ਹੋ ਨਿਬੜੇ।
-ਨਵਾਂਸ਼ਹਿਰ। ਮੋਬਾ. : 98149-22559