ਵਾਲੀਬਾਲ ਖੇਡ ਨੂੰ ਪੰਜਾਬ ਦੇ ਖਿਡਾਰੀਆਂ ਵਲੋਂ ਬੁਲੰਦੀਆਂ ਵੱਲ ਲਿਜਾਣ ਦੇ ਸ਼ੁੱਭ ਸੰਕੇਤ ਨਜ਼ਰ ਆ ਰਹੇ ਹਨ। ਭਾਰਤ ਦੇ ਰਾਸ਼ਟਰੀ ਮੁਕਾਬਲਿਆਂ 'ਚ ਪੰਜਾਬ ਦਾ ਹਿੱਸਾ ਲੈਣ ਦਾ ਸਫ਼ਰ ਕਈ ਵਰ੍ਹਿਆਂ ਤੋਂ ਚਲਿਆ ਆ ਰਿਹਾ ਸੀ, ਪਰ ਤਿੰਨ ਦਹਾਕਿਆਂ ਤੋਂ ਕਾਮਯਾਬੀ ਨਸੀਬ ਨਹੀਂ ਹੋ ਰਹੀ ਸੀ। ਇਸ ਸਾਲ ਪੰਜਾਬ ਨੇ ਸ਼ੁਰੂਆਤੀ ਦੌਰ 'ਚ ਚੰਗਾ ਪ੍ਰਦਰਸ਼ਨ ਕਰਦੇ ਹੋਏ 28 ਸਾਲਾਂ ਦੇ ਪੁਰਾਣੇ ਰਿਕਾਰਡ ਨੂੰ ਮਾਤ ਪਾ ਦਿੱਤੀ। ਭਾਰਤ ਵਿਚ 26ਵੀਂ ਯੂਥ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ (ਪੁਰਸ਼ ਤੇ ਮਹਿਲਾ) 15 ਤੋਂ 20 ਮਾਰਚ 2026 ਤੱਕ ਬੀਜੂ ਪਟਨਾਇਕ ਮਲਟੀਪਰਪਜ਼ ਇਨਡੋਰ ਸਟੇਡੀਅਮ, ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ (ਓਡੀਸ਼ਾ) ਵਿਖੇ ਕਰਵਾਈ ਗਈ। ਪੰਜਾਬ ਨੇ ਪੁਰਸ਼ ਵਰਗ ਵਿਚ ਸੋਨ ਤਗ਼ਮਾ ਆਪਣੇ ਨਾਂਅ ਕੀਤਾ, ਜਦਕਿ ਕੇਰਲ ਨੇ ਮਹਿਲਾ ਵਰਗ ਵਿਚ ਸੋਨ ਤਗ਼ਮਾ ਜਿੱਤਿਆ। ਮੇਜ਼ਬਾਨ ਓਡੀਸ਼ਾ ਨੇ ਪੁਰਸ਼ ਮੁਕਾਬਲੇ 'ਚ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸ ਮੁਕਾਬਲੇ 'ਚ ਭਾਰਤ ਭਰ ਤੋਂ 1200 ਖਿਡਾਰੀਆਂ ਨਾਲ 30 ਰਾਜਾਂ ਤੇ ਕੇਂਦਰ ਸ਼ਾਸਿਤ ਰਾਜਾਂ ਨੇ ਹਿੱਸਾ ਲਿਆ। ਪੰਜਾਬ ਨੂੰ ਫਾਈਨਲ 'ਚ ਸਾਈ (ਸਪੋਰਟਸ ਅਥਾਰਟੀ ਆਫ ਇੰਡੀਆ) ਦੀ ਟੀਮ ਨਾਲ ਮੁਕਾਬਲਾ ਕਰਨਾ ਪਿਆ। ਪੰਜਾਬ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਪੰਜਾਬ ਆਪਣੀ ਕਾਮਯਾਬੀ ਦੀਆਂ ਪੌੜੀਆਂ ਚੜ੍ਹਦਾ ਹੋਇਆ 28 ਸਾਲ ਬਾਅਦ ਆਪਣਾ ਤੇ ਪੰਜਾਬ ਵਾਸੀਆਂ ਦਾ ਸੁਪਨਾ ਪੂਰਾ ਕਰਦਿਆਂ ਪਹਿਲੇ ਸਥਾਨ 'ਤੇ ਆ ਗਿਆ। ਵਾਲੀਬਾਲ ਖੇਡ ਪ੍ਰੇਮੀ ਇਸ ਮੁਕਾਬਲੇ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਸੈਮੀਫਾਈਨਲ ਮੁਕਾਬਲਾ ਸਥਾਨਕ ਟੀਮ ਭਾਵ ਓਡੀਸ਼ਾ ਨਾਲ ਹੋਣਾ ਸੀ। ਇਸ ਦੌਰਾਨ ਪੰਜਾਬ ਟੀਮ ਦਾ ਤਕਨੀਕੀ ਪੱਖ ਤੋਂ ਮਜ਼ਬੂਤ ਹੋਣਾ ਇਸ ਨੂੰ ਜਿੱਤ ਵੱਲ ਲੈ ਗਿਆ। ਸਥਾਨਕ ਟੀਮ ਨੂੰ ਹਰਾਉਣਾ ਤੇ ਫਾਈਨਲ ਵਿਚ ਸੋਨ ਤਗਮਾ ਪ੍ਰਾਪਤ ਕਰਨਾ ਇਹ ਸਭ ਕੁਝ ਪੰਜਾਬ ਟੀਮ ਨੇ ਕਰ ਦਿਖਾਇਆ। ਖਿਡਾਰੀਆਂ ਦੀ ਸਖ਼ਤ ਮਿਹਨਤ ਮੁਕਾਬਲੇ ਲਈ ਤਿਆਰ-ਬਰ-ਤਿਆਰ ਰਹਿਣਾ ਖੇਡ ਗੁਰੂ ਤੇ ਮਾਤਾ-ਪਿਤਾ ਦੀ ਸਿਖਲਾਈ ਦਾ ਨਤੀਜਾ ਹੈ। ਪੰਜਾਬ ਦੇ ਵਾਲੀਬਾਲ ਖਿਡਾਰੀਆਂ ਵਲੋਂ ਯੂਥ ਖੇਡਾਂ ਦੇ ਨਾਲ-ਨਾਲ ਜੂਨੀਅਰ ਤੇ ਸੀਨੀਅਰ ਵਾਲੀਬਾਲ ਮੁਕਾਬਲਿਆਂ 'ਚ ਤਗਮੇ ਪ੍ਰਾਪਤ ਕਰਨਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਖਿਡਾਰੀਆਂ, ਪੰਜਾਬ ਵਾਲੀਬਾਲ ਐਸੋਸੀਏਸ਼ਨ, ਖੇਡ ਗੁਰੂ ਤੇ ਖਿਡਾਰੀਆਂ ਦੇ ਮਾਪਿਆਂ ਨੂੰ ਜਾਂਦਾ ਹੈ। ਲੋਕ ਸਭਾ ਮੈਂਬਰ ਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਜੇਤੂ ਖਿਡਾਰੀਆਂ ਦੀ ਪ੍ਰਸੰਸਾ ਕਰਦਿਆਂ ਖੇਡ-ਗੁਰੂਆਂ ਤੇ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਧਾਨ ਵਲੋਂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਲਈ ਹਰ ਸਹੂਲਤ ਤੇ ਉਚੇਚੇ ਪ੍ਰਬੰਧਾਂ ਸੰਬੰਧੀ ਭਰੋਸਾ ਦਿਵਾਇਆ ਗਿਆ। ਅੱਜ ਵਾਲੀਬਾਲ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਅਤੇ ਹੋਰ ਬੁਲੰਦੀਆਂ ਹਾਸਿਲ ਕਰਨ ਲਈ ਨਵੀਂ ਤਕਨੀਕ ਵਾਲੇ ਖੇਡ ਮੈਦਾਨਾਂ ਦੀ ਲੋੜ ਹੈ। ਖਿਡਾਰੀ ਨੂੰ ਯੋਗ ਖੇਡ ਮੈਦਾਨਾਂ ਦੀ ਭਾਲ ਲਈ ਕਾਫ਼ੀ ਲੰਬਾ ਸਫ਼ਰ ਤੈਅ ਕਰਨਾ ਪੈਦਾ ਹੈ। ਖਿਡਾਰੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਪਿੰਡ ਤੇ ਸ਼ਹਿਰ ਵਿਚ ਖੇਡ ਮੈਦਾਨ ਯਕੀਨੀ ਬਣਾਇਆ ਜਾਵੇ। ਦੇਸ਼ 'ਚ ਖਿਡਾਰੀ ਬਹੁਤ ਹਨ ਪਰ ਖੇਡ-ਗੁਰੂਆਂ ਤੋਂ ਸੱਖਣੇ ਨਜ਼ਰ ਆ ਰਹੇ ਹਨ। ਖਿਡਾਰੀਆਂ ਦੇ ਮਾਪੇ ਅਕਸਰ ਸਵਾਲ ਕਰਦੇ ਹਨ ਕਿ ਕੀ ਆਪਣੇ ਨੇੜੇ-ਤੇੜੇ ਕੋਈ ਕੋਚ ਹੈ, ਬੱਚੇ ਨੂੰ ਖੇਡਣ ਭੇਜਣਾ ਹੈ? ਭਾਰਤ ਦੀ ਹਰਮਨ ਪਿਆਰੀ ਵਾਲੀਬਾਲ ਖੇਡ ਨੂੰ ਹਰਮਨ ਪਿਆਰਾ ਬਣਾਈ ਰੱਖਣ ਲਈ ਨਵੀਂ ਤਕਨੀਕ ਦੇ ਖੇਡ ਮੈਦਾਨ ਤੇ ਕੋਚਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਅੰਤਰਰਾਸ਼ਟਰੀ ਖਿਡਾਰੀਆਂ ਦੇ ਦੂਜੇ ਦੇਸ਼ਾਂ ਵਿਚ ਸਿਖਲਾਈ ਕੈਂਪਾਂ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਸਰਕਾਰ ਦੁਆਰਾ ਨਿਯੁਕਤ ਕੀਤੇ ਕੋਚਾਂ ਦਾ ਦੂਜੇ ਦੇਸ਼ਾਂ ਵਿਚ ਤਕਨੀਕ ਨੂੰ ਬਾਰੀਕੀ ਨਾਲ ਜਾਣਨ ਲਈ ਟ੍ਰੇਨਿੰਗ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਜੇ ਸਰਕਾਰ ਦੁਆਰਾ ਇਨ੍ਹਾਂ ਪਹਿਲੂਆਂ 'ਤੇ ਧਿਆਨ ਦਿੱਤਾ ਜਾਵੇ ਤਾਂ ਯਕੀਨਨ ਵਾਲੀਬਾਲ 'ਚ ਏਸ਼ਿਆਈ ਤੇ ਉਲੰਪਿਕ ਖੇਡਾਂ ਵਿਚ ਭਾਰਤ ਦਾ ਝੰਡਾ ਬੁਲੰਦ ਹੋਵੇਗਾ।
-ਪਿੰਡ+ਡਾਕ-ਬੌਂਦਲੀ, ਤਹਿ-ਸਮਰਾਲਾ (ਲੁਧਿਆਣਾ)।
ਮੋਬਾਈਲ : 98761-53007