ਹੱਥ ਹਮੇਸ਼ਾ ਸਾਡਾ ਸਾਥ ਦਿੰਦੇ ਹਨ ਪਰ ਆਪਣੇ ਰੁਝੇਵਿਆਂ ਵਿਚ ਅਸੀਂ ਉਨ੍ਹਾਂ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਾਂ | ਵਧਦੀ ਉਮਰ ਦਾ ਅਸਰ ਸਿਰਫ਼ ਚਿਹਰੇ ਤੋਂ ਨਹੀਂ ਸਗੋਂ ਹੱਥਾਂ ਦੀ ਚਮੜੀ ਤੋਂ ਵੀ ਪਤਾ ਲੱਗਦਾ ਹੈ |

ਸਰੀਰ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਹੱਥਾਂ 'ਤੇ ਛੇਤੀ ਝੁਰੜੀਆਂ ਦਿਖਾਈ ਦਿੰਦੀਆਂ ਹਨ, ਕਿਉਂਕਿ ਹੱਥਾਂ ਦੇ ਪਿੱਛੇ ਦੀ ਚਮੜੀ ਪਤਲੀ ਹੁੰਦੀ ਹੈ ਅਤੇ ਇਸ ਵਿਚ ਕੁਝ ਤੇਲ ਗ੍ਰੰਥੀਆਂ ਗਾਇਬ ਹੁੰਦੀਆਂ ਹਨ | ਰੋਜ਼ਾਨਾ ਸਾਬਣ ਅਤੇ ਡਿਟਰਜੈਂਟ ਦੀ ਵਰਤੋਂ ਨਾਲ ਚਮੜੀ ਜ਼ਿਆਦਾ ਰੁੱਖੀ ਹੋ ਜਾਂਦੀ ਹੈ | ਇਸ ਲਈ ਹੱਥਾਂ ਦੀ ਹਰ ਦਿਨ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ | ਹੱਥਾਂ ਦੀ ਨਮੀ ਬਣਾਈ ਰੱਖਣ ਲਈ ਘਰ ਵਿਚ ਕੱਪੜੇ ਧੌਂਦੇ ਸਮੇਂ ਰਬੜ ਦੇ ਦਸਤਾਨੇ ਲੈਣੇ ਚਾਹੀਦੇ ਹਨ | ਨਹਾਉਂਦੇ ਸਮੇਂ ਹੱਥਾਂ ਦਾ ਖ਼ਾਸ ਧਿਆਨ ਰੱਖਦਿਆਂ ਹੱਥਾਂ 'ਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ | ਅਸਲ ਵਿਚ ਨਹਾਉਣ ਦੇ ਤੁਰੰਤ ਬਾਅਦ ਸਰੀਰ 'ਤੇ ਬਾਡੀ ਲੋਸ਼ਨ ਅਤੇ ਕ੍ਰੀਮ ਲਗਾਉਣ ਨਾਲ ਸਰੀਰ ਵਿਚ ਨਮੀ ਬਣੀ ਰਹਿੰਦੀ ਹੈ | ਹੱਥਾਂ ਦੀ ਸੁੰਦਰਤਾ ਲਈ ਤੁਸੀਂ ਹੇਠ ਲਿਖੇ ਸੁੰਦਰਤਾ ਨੁਕਤਿਆਂ ਦੀ ਵਰਤੋਂ ਕਰ ਸਕਦੇ ਹੋ | ਨਹਾਉਣ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ 'ਤੇ ਤੇਲ ਦੀ ਮਾਲਿਸ਼ ਕਰੋ, ਜਿਸ ਨਾਲ ਚਮੜੀ ਦੀ ਕੋਮਲਤਾ ਵਧਦੀ ਹੈ | ਇਸ ਲਈ ਤੁਸੀਂ ਤਿਲ ਜਾਂ ਜੈਤੂਨ ਦਾ ਤੇਲ ਵਰਤ ਸਕਦੇ ਹੋ | ਜ਼ਿਆਦਾ ਖੁਸ਼ਕੀ ਦੀ ਹਾਲਤ ਵਿਚ ਤੁਸੀਂ ਸ਼ੁੱਧ ਬਦਾਮ ਤੇਲ ਨੂੰ ਗਰਮ ਕਰਕੇ ਮਾਲਿਸ਼ ਲਈ ਵਰਤ ਸਕਦੇ ਹੋ |
ਭਾਰਤੀ ਘਰਾਂ ਵਿਚ ਰਿਵਾਇਤੀ ਤੌਰ 'ਤੇ ਵੇਸਣ, ਦਹੀਂ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾ ਕੇ ਵਰਤ ਲਿਆ ਜਾਂਦਾ ਹੈ | ਤੁਸੀਂ ਇਸ ਪੇਸਟ ਨੂੰ 20 ਮਿੰਟ ਤੱਕ ਲਗਾ ਕੇ ਇਸ ਨੂੰ ਹਲਕੇ ਹਲਕੇ ਹੱਥਾਂ ਨਾਲ ਖੁਰਚ ਦਿਓ ਅਤੇ ਬਾਅਦ ਵਿਚ ਤਾਜ਼ੇ ਪਾਣੀ ਨਾਲ ਨਹਾਉ | ਇਸ ਪ੍ਰਕਿਰਿਆ ਨੂੰ ਹਫ਼ਤੇ ਵਿਚ ਦੋ-ਤਿੰਨ ਵਾਰ ਵਰਤੋਂ ਵਿਚ ਲਿਆਓ | ਖੁਸ਼ਕ ਅਤੇ ਸਾਂਵਲੀ ਚਮੜੀ ਵਾਲੇ ਹੱਥਾਂ ਲਈ ਦੋ ਚਮਚ ਸੂਰਜਮੁਖੀ ਤੇਲ, 2 ਚਮਚ ਨਿੰਬੂ ਰਸ ਅਤੇ ਇਕ ਚਮਚ ਖੁਰਦਰੀ ਚੀਨੀ ਲਓ ਅਤੇ ਇਨ੍ਹਾਂ ਸਭ ਨੂੰ ਮਿਲਾ ਕੇ ਪੇਸਟ ਬਣਾ ਲਓ | ਇਸ ਪੇਸਟ ਨੂੰ ਹੱਥਾਂ 'ਤੇ 15 ਮਿੰਟ ਤੱਕ ਲਗਾ ਕੇ ਪੇਸਟ ਨੂੰ ਰਗੜ ਕੇ ਹਟਾ ਦਿਓ ਅਤੇ ਇਸ ਪ੍ਰਕਿਰਿਆ ਨੂੰ ਹਫ਼ਤੇ ਵਿਚ ਤਿੰਨ ਵਾਰ ਵਰਤੋਂ ਵਿਚ ਲਿਆ ਸਕਦੇ ਹੋ | ਹੱਥਾਂ ਅਤੇ ਪੈਰਾਂ ਦੀ ਚਮੜੀ ਦੀ ਜ਼ਿਆਦਾ ਖੁਸ਼ਕੀ ਨਾਲ ਨਜਿੱਠਣ ਲਈ ਇਕ ਚਮਚ ਗਲੈਸਰੀਨ ਨੂੰ 100 ਮਿ.ਲੀ. ਗੁਲਾਬ ਜਲ ਵਿਚ ਮਿਲਾਓ | ਇਸ ਮਿਸ਼ਰਨ ਨੂੰ ਹੱਥਾਂ ਅਤੇ ਪੈਰਾਂ 'ਤੇ ਲਗਾਉਣ ਨਾਲ ਇਨ੍ਹਾਂ ਅੰਗਾਂ 'ਤੇ ਨਮੀ ਅਤੇ ਕੋਮਲਤਾ ਆ ਜਾਂਦੀ ਹੈ |
ਹੱਥਾਂ ਦੇ ਰੰਗ ਨੂੰ ਸਾਫ਼ ਅਤੇ ਮੁਲਾਇਮ ਕਰਨ ਲਈ ਆਪਣੀ ਹਥੇਲੀ ਵਿਚ ਥੋੜ੍ਹੀ ਚੀਨੀ ਰੱਖ ਕੇ ਇਸ ਵਿਚ ਨਿੰਬੂ ਰਸ ਮਿਲਾ ਕੇ ਹੱਥਾਂ ਦੀ ਪਿਛਲੀ ਚਮੜੀ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਬਾਅਦ ਵਿਚ ਹੱਥ ਧੋ ਲਓ | ਸੰਤਰੇ ਦੇ ਤਾਜ਼ੇ ਛਿਲਕੇ ਲੈ ਕੇ ਉਨ੍ਹਾਂ ਨੂੰ ਪੀਹ ਕੇ ਇਨ੍ਹਾਂ ਨੂੰ ਆਪਣੇ ਹੱਥਾਂ 'ਤੇ ਮਲੋ | ਇਸ ਨਾਲ ਹੱਥਾਂ ਦੀ ਚਮੜੀ ਵਿਚ ਨਿਖਾਰ ਆਵੇਗਾ | ਜ਼ਿਆਦਾ ਖੁਸ਼ਕੀ ਹੱਥਾਂ ਅਤੇ ਨਹੂੰ ਲਈ ਇਕ ਚਮਚ ਬਦਾਮ ਤੇਲ, ਇਕ ਚਮਚ ਤਿਲ ਤੇਲ ਅਤੇ ਇਕ ਚਮਚ ਕਣਕ ਦੇ ਬੀਜਾਂ ਦਾ ਤੇਲ ਮਿਲਾ ਕੇ ਮਿਸ਼ਰਨ ਬਣਾ ਲਓ | ਇਸ ਨੂੰ ਆਪਣੀ ਚਮੜੀ ਅਤੇ ਨਹੁੰਆਂ 'ਤੇ ਹਰ ਰੋਜ਼ ਵਰਤੋਂ ਵਿਚ ਲਿਆਓ |
ਬਦਾਮ ਤੇਲ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਸ ਨੂੰ ਨਹੁੰਆਂ ਅਤੇ ਚਮੜੀ 'ਤੇ ਲਗਾਓ |
ਖੁਸ਼ਕ ਨਹੁੰਆਂ ਲਈ ਕਿਸੇ ਵਨਸਪਤੀ ਤੇਲ ਵਿਚ ਆਪਣੇ ਨਹੁੰਆਂ ਨੂੰ 10 ਮਿੰਟ ਤੱਕ ਡੁਬੋ ਕੇ ਰੱਖੋ ਅਤੇ ਇਸ ਤੋਂ ਬਾਅਦ ਗਿੱਲੇ ਤੌਲੀਏ ਨਾਲ ਪੂੰਝ ਲਓ | ਹੱਥਾਂ ਵਿਚ ਦਾਗ਼ ਧੱਬਿਆਂ ਲਈ ਨਿੰਬੂ ਦੇ ਛਿਲਕਿਆਂ ਨੂੰ ਹੱਥਾਂ 'ਤੇ ਰਗੜਨ ਨਾਲ ਦਾਗ਼-ਧੱਬੇ ਹਟ ਜਾਣਗੇ | ਹੱਥਾਂ ਵਿਚ ਚਮਕ ਲਿਆਉਣ ਲਈ ਤਾਜ਼ਾ ਸੰਤਰੇ ਦੇ ਛਿਲਕੇ ਨੂੰ ਪੀਹ ਕੇ ਇਨ੍ਹਾਂ ਨੂੰ ਹੱਥਾਂ 'ਤੇ ਲਗਾਓ ਇਸ ਨਾਲ ਹੱਥਾਂ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ |
ਹੱਥਾਂ ਲਈ ਸ਼ਾਹੀ ਇਲਾਜ ਪ੍ਰਦਾਨ ਕਰਨ ਲਈ ਚਾਰ ਚਮਚ ਬਦਾਮ ਤੇਲ ਵਿਚ ਇਕ ਚਮਚ ਗੁਲਾਬ ਜਲ ਮਿਲਾਓ | ਇਸ ਮਿਸ਼ਰਨ ਵਿਚ ਅੱਧਾ ਚਮਚ ਬੇਨਜੋਈਨ ਟਿੰਚਰ ਬੂੰਦ-ਬੂੰਦ ਕਰਕੇ ਮਿਲਾਓ ਅਤੇ ਇਨ੍ਹਾਂ ਸਭ ਦਾ ਮਿਸ਼ਰਨ ਤਿਆਰ ਕਰ ਲਓ | ਇਸ ਮਿਸ਼ਰਨ ਨੂੰ ਹੱਥਾਂ 'ਤੇ ਲਗਾ ਕੇ ਹੱਥਾਂ 'ਤੇ ਸੂਤੀ ਕੱਪੜੇ ਨਾਲ ਬੰਨ੍ਹ ਲਓ, ਇਸ ਨੂੰ ਰਾਤ ਭਰ ਰਹਿਣ ਦਿਓ ਅਗਲੀ ਸਵੇਰੇ ਸਾਦੇ ਪਾਣੀ ਨਾਲ ਧੋ ਲਓ |
ਇਨ੍ਹਾਂ ਨੂੰ ਸੁੰਦਰ ਬਣਾਉਣ ਲਈ ਹਫ਼ਤੇ ਵਿਚ ਇਕ ਵਾਰ ਮੈਨੀਕਿਓਰ ਕਰਾਇਆ ਜਾ ਸਕਦਾ ਹੈ | ਇਕ ਸੈਲੂਨ ਵਿਚ ਕਰਾਇਆ ਗਿਆ ਮੈਨੀਕਿਓ ਅਤੇ ਹੈਾਡ ਸਪਾ ਨਾ ਸਿਰਫ਼ ਹੱਥਾਂ ਨੂੰ ਸੁੰਦਰ ਬਣਾਉਂਦਾ ਹੈ, ਸਗੋਂ ਇਨ੍ਹਾਂ ਨੂੰ ਕੋਮਲ ਵੀ ਬਣਾਉਂਦਾ ਹੈ | ਤੁਸੀਂ ਚਾਹੋ ਤਾਂ ਘਰ 'ਚ ਵੀ ਆਪਣੇ ਹੱਥਾਂ ਦਾ ਮੈਨੀਕਿਓਰ ਕਰ ਸਕਦੇ ਹੋ |