ਕੁਦਰਤ ਦੀ ਇਹ ਲੀਲ੍ਹਾ ਸਾਰੀ,
• ਤ੍ਰੈਲੋਚਨ ਲੋਚੀ •
ਕੁਦਰਤ ਨਾਲ ਨਜ਼ਾਰੇ |
ਬੰਦਾ ਫਿਰ ਵੀ ਸਮਝ ਨਾ ਸਕਿਆ,
ਉਸਦੇ ਰੰਗ ਨਿਆਰੇ |
ਕੁਦਰਤ ਦੀ ਇਹ ਲੀਲ੍ਹਾ ਸਾਰੀ,
ਕੁਦਰਤ ਨਾਲ ਨਜ਼ਾਰੇ .....
ਰੁੱਖਾਂ ਨਾਲ ਨਿਵਾਜ਼ਿਆ ਸਾਨੂੰ,
ਬਖਸ਼ੀ ਹੈ ਹਰਿਆਲੀ |
ਰੰਗ ਬਰੰਗੇ ਫੁੱਲ ਖਿੜਾਉਂਦੀ,
ਕੁਦਰਤ ਐਸੀ ਮਾਲੀ |
ਮਿੱਟੀ ਵਿਚ ਵੀ ਰੰਗ ਭਰ ਦਿੰਦੀ,
ਐਸੇ ਰੰਗ ਖਿਲਾਰੇ,
ਕੁਦਰਤ ਦੀ ਇਹ ਲੀਲ੍ਹਾ ਸਾਰੀ
ਕੁਦਰਤ ਨਾਲ ਨਜ਼ਾਰੇ .....
ਅੰਬਰ ਦੇ ਵਿਚ ਲਿਸ਼ਕਣ ਤਾਰੇ,
ਕਰਦਾ ਚੰਨ ਕਮਾਲਾਂ |
ਧਰਤੀ ਮਾਈ ਝੂੰਮਣ ਲੱਗੇ |
ਲਾਉਂਦੇ ਐਸੀਆਂ ਤਾਲਾਂ,
ਕੁਦਰਤ ਦੇ ਇਹ ਰੰਗ ਦੇਖਕੇ,
ਜਾਂਦੇ ਹਾਂ ਬਲਿਹਾਰੇ |
ਕੁਦਰਤ ਦੀ ਇਹ ਲੀਲ੍ਹਾ ਸਾਰੀ,
ਕੁਦਰਤ ਨਾਲ ਨਜ਼ਾਰੇ.....
ਰੰਗ ਬਰੰਗੇ ਫੁੱਲ ਨੇ ਖਿੜਦੇ,
ਮਹਿਕਾਂ ਨਾਲ ਲਿਆਉਂਦੇ |
ਚਾਰ ਚੁਫੇਰੇ ਭਰਨ ਤਾਜ਼ਗੀ,
ਰਾਹਾਂ ਨੂੰ ਮਹਿਕਾਉਂਦੇ |
ਕੁਦਰਤ ਦੇ ਇਹ ਰੰਗ ਨਿਆਰੇ,
ਸੱਚੀਉਂ ਬਹੁਤ ਨਿਆਰੇ |
ਕੁਦਰਤ ਦੀ ਇਹ ਲੀਲ੍ਹਾ ਸਾਰੀ,
ਕੁਦਰਤ ਨਾਲ ਨਜ਼ਾਰੇ....
ਕਾਲੇ ਕਾਲੇ ਬੱਦਲ ਜਦ ਵੀ,
ਅੰਬਰ ਦੇ ਵਿਚ ਤਰਦੇ |
ਤਪਦੀ ਧਰਤੀ ਦੇ ਸੀਨੇ 'ਤੇ,
ਜਦ ਵੀ ਆ ਕੇ ਵਰਦੇ |
ਕਣ ਕਣ ਦੇ ਵਿਚ ਜਾਨ ਹੈ ਭਰਦੀ,
ਰਲ ਕੇ ਨੱਚਣ ਸਾਰੇ,
ਕੁਦਰਤ ਦੀ ਇਹ ਲੀਲ੍ਹਾ ਸਾਰੀ,
ਕੁਦਰਤ ਨਾਲ ਨਜ਼ਾਰੇ.....
ਕੁਦਰਤ ਨਾਲ ਨਾ ਖੇਡੋ ਬੰਦਿਓ,
ਇਸ ਦੇ ਰੰਗ ਅਵੱਲੇ |
ਇਸ ਦੇ ਨਾਲ ਜੇ ਤੋੜਿਆ ਰਿਸ਼ਤਾ,
ਕੁਝ ਨਾ ਰਹਿਣਾ ਪੱਲੇ |
'ਲੋਚੀ' ਭੋਰਾ ਝੂਠ ਨਾ ਬੋਲੇ,
ਭਾਵੇਂ ਬੋਲ ਕਰਾਰੇ,
ਕੁਦਰਤ ਦੀ ਇਹ ਲੀਲ੍ਹਾ ਸਾਰੀ,
ਕੁਦਰਤ ਨਾਲ ਨਜ਼ਾਰੇ....
-20, ਸੈਕਿੰਡ ਫਲੋਰ, ਐੱਚ.ਆਈ. ਜੀ. ਰਾਜਗੁਰੂ ਨਗਰ, ਲੁਧਿਆਣਾ
ਮੋਬਾਈਲ 98142 53315